ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਦੀਆਂ ਲੋਕ ਵੰਨਗੀਆਂ ਦੀ ਕੀਤੀ ਜਾਵੇਗੀ ਪੇਸ਼ਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ 'ਚਹੂੰ ਕੁੰਟਾਂ ਦਾ ਮੇਲਾ' 13 ਅਕਤੂਬਰ ਤੋਂ 15 ਅਕਤੂਬਰ, 2018 ਤੱਕ ਪੰਜਾਬ ਕਲਾ ਭਵਨ, ਚੰਡੀਗੜ ...

Punjab Sangeet Natak Akademi

ਸੰਗੀਤ ਨਾਟਕ ਅਕਾਦਮੀ ਵਲੋਂ 13 ਅਕਤੂਬਰ ਤੋਂ 15 ਅਕਤੂਬਰ ਤੱਕ ਸੱਭਿਆਚਾਰਕ ਪ੍ਰੋਗਰਾਮ 'ਚਹੂੰ ਕੁੰਟਾਂ ਦਾ ਮੇਲਾ' ਆਯੋਜਿਤ ਕੀਤਾ ਜਾਵੇਗਾ

ਚੰਡੀਗੜ੍ਹ (ਸਸਸ): ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ 'ਚਹੂੰ ਕੁੰਟਾਂ ਦਾ ਮੇਲਾ' 13 ਅਕਤੂਬਰ ਤੋਂ 15 ਅਕਤੂਬਰ, 2018 ਤੱਕ ਪੰਜਾਬ ਕਲਾ ਭਵਨ, ਚੰਡੀਗੜ ਵਿਖੇ ਰੋਜ਼ਾਨਾ ਸ਼ਾਮ 6 ਵਜੇ ਆਯੋਜਿਤ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ  ਵਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਤਿੰਨੋ ਦਿਨ ਮਾਝੇ, ਮਾਲਵੇ, ਦੁਆਬੇ ਅਤੇ ਪੁਆਧ ਦੀਆਂ ਲੋਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ।

ਉਹਨਾਂ ਅੱਗੇ ਕਿਹਾ ਕਿ 13 ਅਕਤੂਬਰ ਨੂੰ ਉੱਘੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਮੋਹਨੀ ਰਸੀਲਾ ਅਤੇ ਰਸ਼ਪਾਲ ਰਸੀਲਾ ਆਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਣਗੇ। ਇਸ ਤੋਂ ਇਲਾਵਾ ਝੂਮਰ, ਭੰਡ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਜਾਵੇਗੀ। 14 ਅਕਤੂਬਰ ਨੂੰ ਮਲਵਈ ਗਿੱਧਾ, ਲੋਕ ਨਾਚ ਸੰਮੀ, ਨਕਲ ਤੋਂ ਇਲਾਵਾ ਮੁਖਤਿਆਰ ਜ਼ਫ਼ਰ ਅਤੇ ਟੀਮ ਸਰੋਤਿਆਂ ਦਾ ਮਨੋਰੰਜਨ ਕਰਨਗੇ।

ਅਖਰੀਲੇ ਦਿਨ 15 ਅਕਤੂਬਰ ਨੂੰ ਜੁਗਰਾਜ ਧੌਲਾ ਅਤੇ ਟੀਮ ਵਲੋਂ ਆਪਣਾ ਹੁਨਰ ਬਿਖੇਰਿਆ ਜਾਵੇਗਾ। ਇਸ ਦੇ ਨਾਲ ਹੀ ਪੁਆਧੀ ਜਲਸਾ, ਭੰਗੜਾ, ਹੁਸ਼ਿਆਰਪੁਰ ਦੇ ਨਕਲੀਏ ਆਪਣੀ ਪੇਸ਼ਕਾਰੀ ਕਰਨਗੇ ਅਤੇ  ਲੁੱਡੀ, ਤੂੰਬੇ, ਅਲਗੋਜੇ ਆਦਿ ਦੀ ਗਾਇਕੀ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਸੰਗੀਤ ਨਾਟਕ ਦੇ ਉਪ ਪ੍ਰਧਾਨ ਡਾ. ਨਿਰਮਲ ਜੌੜਾ ਅਤੇ ਸਕੱਤਰ ਸ੍ਰੀ ਪ੍ਰੀਤਮ ਰੂਪਲ ਵੀ ਹਾਜ਼ਰ ਸਨ।