ਨਾਲਾਇਕੀ ਦਾ ਸਿਖਰ, ਲਾਸ਼ ਨੂੰ ਖਾ ਗਏ ਕੀੜੇ, ਭੜਕੇ ਪਰਿਵਾਰ ਨੇ ਲਗਾਇਆ ਪੁਲਿਸ ਤੇ ਹਸਪਤਾਲ ਸਟਾਫ਼ ਵਿਰੁੱਧ ਧਰਨਾ
ਭੜਕੇ ਲੋਕਾਂ ਨੇ ਪੁਲਿਸ ਅਤੇ ਸਿਵਲ ਹਸਪਤਾਲ ਦੀ ਨਾਲਾਇਕੀ, ਧੱਕੇਸ਼ਾਹੀ, ਲਾਪਰਵਾਹੀ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ਕੀਤਾ।
ਲੁਧਿਆਣਾ - ਕਸਬਾ ਜਗਰਾਓਂ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਿਵਲ ਹਸਪਤਾਲ ਦੀ ਲਾਪਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਤਾ ਲੱਗਿਆ ਹੈ ਕਿ ਲਾਪਰਵਾਹੀ ਕਾਰਨ ਇੱਕ ਵਿਆਹੁਤਾ ਦੀ ਲਾਸ਼ ਨੂੰ ਕੀੜੇ ਖਾ ਗਏ। ਇਸ ਗੱਲ ਤੋਂ ਭੜਕੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਹਿਮਾਇਤੀਆਂ ਨੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਦੀ ਅਗਵਾਈ ਹੇਠ ਜਗਰਾਓਂ ਸਿਵਲ ਹਸਪਤਾਲ ਘੇਰਦਿਆਂ ਸੜਕ ਜਾਮ ਕਰ ਦਿੱਤੀ। ਭੜਕੇ ਲੋਕਾਂ ਨੇ ਪੁਲਿਸ ਅਤੇ ਸਿਵਲ ਹਸਪਤਾਲ ਦੀ ਨਾਲਾਇਕੀ, ਧੱਕੇਸ਼ਾਹੀ, ਲਾਪਰਵਾਹੀ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ’ਚ ਪੀੜਤ ਪਰਿਵਾਰ ਨਾਲ ਪੁੱਜੀਆਂ ਔਰਤਾਂ ਨੇ ਵੀ ਪਿੱਟ-ਸਿਆਪਾ ਕਰਦਿਆਂ ਰੋਸ ਪ੍ਰਗਟਾਇਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਗਰਾਓਂ ਦੀ ਇੰਦਰਾ ਕਾਲੋਨੀ ਵਾਸੀ ਕੁਲਵਿੰਦਰ ਕੌਰ ਦੀ ਧੀ ਮਨਪ੍ਰੀਤ ਕੌਰ ਉਰਫ਼ ਪੂਜਾ ਦਾ ਵਿਆਹ ਪਿੰਡ ਗਗੜਾ ਦੇ ਬਚਿੱਤਰ ਸਿੰਘ ਨਾਲ 10 ਦਸੰਬਰ, 2018 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰ 'ਚ ਝਗੜਾ ਰਹਿਣ ਲੱਗਿਆ। ਲੜਕੀ ਦੇ ਪਰਿਵਾਰ ਦਾ ਦੋਸ਼ ਸੀ ਕਿ ਪੂਜਾ ਦੇ ਪਤੀ ਬਚਿੱਤਰ ਸਿੰਘ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ।
7 ਅਕਤੂਬਰ ਨੂੰ ਪੂਜਾ ਅਚਾਨਕ ਘਰੋਂ ਲਾਪਤਾ ਹੋ ਗਈ ਜਿਸ ਦਾ ਪਤਾ ਲੱਗਦੇ ਹੀ ਪਰਿਵਾਰ ਨੇ 7 ਅਕਤੂਬਰ ਦੀ ਸ਼ਾਮ ਨੂੰ ਹੀ ਥਾਣਾ ਸਿਟੀ ਵਿਖੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸੇ ਦੌਰਾਨ ਸਿਟੀ ਪੁਲਿਸ ਨੇ ਇੱਕ ਦਿਨ ਪਹਿਲਾਂ ਪਿੰਡ ਅਲੀਗੜ੍ਹ ਨੇੜੇ 6 ਅਕਤੂਬਰ ਨੂੰ ਬਰਾਮਦ ਹੋਈ ਅਣਪਛਾਤੀ ਲਾਸ਼ ਬਾਰੇ ਪੀੜਤ ਪਰਿਵਾਰ ਨਾਲ ਗੱਲ ਹੀ ਨਾ ਕੀਤੀ।
10 ਅਕਤੂਬਰ ਨੂੰ ਪੂਜਾ ਦਾ ਪਰਿਵਾਰ ਥਾਣਾ ਸਿਟੀ ਦੀ ਪੁਲਿਸ ਨੂੰ ਮਿਲੀ ਉਕਤ ਅਣਪਛਾਤੀ ਲਾਸ਼ ਦੇਖਣ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉਡ ਗਏ। ਉਸ ਲਾਸ਼ ਵਿੱਚ ਸੈਂਕੜਿਆਂ ਦੀ ਤਾਦਾਦ ਵਿਚ ਕੀੜੇ ਚੱਲ ਰਹੇ ਸਨ ਅਤੇ ਕੀੜਿਆਂ ਨੇ ਲਾਸ਼ ਨੂੰ ਬੁਰੀ ਤਰ੍ਹਾਂ ਖਾ ਲਿਆ ਸੀ। ਇਸ ਤੋਂ ਪੀੜਤ ਪਰਿਵਾਰ ਆਪਾ ਗੁਆ ਬੈਠਾ ਤੇ ਉਨ੍ਹਾਂ ਪੁਲਿਸ ਤੇ ਸਿਵਲ ਹਸਪਤਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੜਕ ਜਾਮ ਕਰ ਦਿੱਤੀ।
ਇਸ ਖ਼ਬਰ ਨੇ ਮੁੜ ਸਾਡੇ 'ਸਿਸਟਮ' ਅਤੇ ਸਿਸਟਮ ਦਾ ਹਿੱਸਾ ਬਣੇ ਅਹੁਦੇਦਾਰਾਂ ਦੇ ਗ਼ੈਰ-ਜ਼ਿੰਮੇਵਾਰ ਰਵੱਈਏ ਨੂੰ ਬੇਨਕਾਬ ਕਰ ਦਿੱਤਾ ਹੈ। ਨਾਲ-ਨਾਲ ਬਹੁਤ ਸਾਰੇ ਸਵਾਲ ਸਰਕਾਰਾਂ ਲਈ ਵੀ ਖੜ੍ਹੇ ਹੁੰਦੇ ਹਨ ਕਿਉਂ ਕਿ ਅਕਸਰ ਸਰਕਾਰਾਂ ਇਸੇ 'ਸਿਸਟਮ' ਨੂੰ ਬਦਲਣ ਜਾਂ ਸਹੀ ਕਰਨ ਦਾ ਵਾਅਦਾ ਕਰਕੇ ਹੀ ਹੋਂਦ 'ਚ ਆਉਂਦੀਆਂ ਹਨ।