ਹਥਿਆਰਾਂ ਦੀ ਤਸਕਰੀ ਕਰਨ ਵਾਲੇ ਪ੍ਰੀਤ ਫਗਵਾੜਾ ਗੈਂਗ ਦੇ ਤਿੰਨ ਮੈਂਬਰ ਕਾਬੂ, ਭਾਰੀ ਮਾਤਰਾ ’ਚ ਅਸਲਾ ਬਰਾਮਦ
ਪੁਲਿਸ ਨੇ ਇਹਨਾਂ ਦੇ ਕਬਜ਼ੇ 'ਚੋਂ 5 ਪਿਸਤੌਲ, 1 ਰਿਵਾਲਵਰ, 6 ਦੇਸੀ ਕੱਟੇ ਅਤੇ 32 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜਲੰਧਰ: ਸ਼ਰਾਰਤੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਨੇ ਪ੍ਰੀਤ ਫਗਵਾੜਾ ਗੈਂਗ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨ ਗੁਰਗੇ ਹਥਿਆਰਾਂ ਦੀ ਤਸਕਰੀ ਕਰਦੇ ਸਨ। ਪੁਲਿਸ ਨੇ ਇਹਨਾਂ ਦੇ ਕਬਜ਼ੇ 'ਚੋਂ 5 ਪਿਸਤੌਲ, 1 ਰਿਵਾਲਵਰ, 6 ਦੇਸੀ ਕੱਟੇ ਅਤੇ 32 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਫਿਰੋਜ਼ਪੁਰ ਕੇਂਦਰੀ ਜੇਲ 'ਚ ਕਤਲ ਦੇ ਮਾਮਲੇ 'ਚ ਬੰਦ ਪ੍ਰੀਤ ਗੈਂਗ ਦੇ ਮੁਖੀ ਰਜਨੀਸ਼ ਉਰਫ ਪ੍ਰੀਤ ਲਈ ਕੰਮ ਕਰਦੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਅਸਲਾ ਸਮੱਗਲਰਾਂ ਦੀ ਪਹਿਚਾਣ ਸੇਠ ਲਾਲ ਉਰਫ ਸੇਠੀ ਪੁੱਤਰ ਵਿਕਰਮਜੀਤ ਵਾਸੀ ਅਬਾਦਪੁਰਾ, ਜਲੰਧਰ, ਰਾਜਪਾਲ ਉਰਫ ਪਾਲੀ ਪੁੱਤਰ ਗੁਰਮੀਤ ਪਾਲ ਵਾਸੀ ਰਵਿਦਾਸ ਕਲੋਨੀ ਰਾਮਾਮੰਡੀ (ਜਲੰਧਰ), ਰਾਜੇਸ਼ ਉਰਫ ਰਾਜਾ ਪੁੱਤਰ ਕਸ਼ਮੀਰ ਲਾਲ ਵਾਸੀ ਪੇਟੀਆਂ ਵਾਲੀ ਗਲੀ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਕਮ ਨਾਰਕੋਟਿਕਸ ਸਟਾਫ਼ ਦੇ ਇੰਚਾਰਜ ਇੰਦਰਜੀਤ ਸਿੰਘ ਆਪਣੀ ਟੀਮ ਸਮੇਤ ਅੰਮ੍ਰਿਤਸਰ ਬਾਈਪਾਸ 'ਤੇ ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਬਾਈ ਪੁਆਇੰਟ 'ਤੇ ਸਨ। ਉਥੇ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੰਦਰਜੀਤ ਸਿੰਘ ਨੂੰ ਪ੍ਰੀਤ ਫਗਵਾੜਾ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਮਗਰੋਂ ਇਹਨਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ।