ਬਿਹਾਰ ਨਤੀਜੇ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਮੂੰਹ 'ਤੇ ਚਪੇੜ : ਦਿਨੇਸ਼ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸ਼ਵਨੀ ਸ਼ਰਮਾ ਨੇ ਵੀ ਕੇਂਦਰੀ ਆਗੂ ਦੇ ਵਿਚਾਰ ਦੀ ਤਾਈਦ ਕਰਦਿਆਂ ਨਤੀਜਿਆਂ ਨੂੰ ਖੇਤੀ ਕਾਨੂੰਨਾਂ 'ਤੇ ਮੋਹਰ ਦਸਿਆ

Dinesh Kumar

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਭਾਵੇਂ ਅੰਦੋਲਨ ਦੇ ਦਬਾਅ ਕਾਰਨ ਕੇਂਦਰ ਸਰਕਾਰ ਨੇ 13 ਨਵੰਬਰ ਨੂੰ ਪੰਜਾਬ ਦੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਤਾਂ ਮਜ਼ਬੂਰੀ 'ਚ ਸੱਦ ਲਿਆ ਹੈ ਪਰ ਸੂਬੇ ਨਾਲ ਜੁੜੇ ਭਾਜਪਾ ਆਗੂਆਂ ਦੇ ਕਿਸਾਨਾ ਪ੍ਰਤੀ ਇਰਾਦੇ ਨੇਕ ਨਹੀਂ ਲੱਗ ਰਹੇ ਤੇ ਉਹ ਹਾਲੇ ਵੀ ਕਿਸਾਨ ਆਗੂਆਂ ਨੁੰ ਕੇਂਦਰੀ ਖੇਤੀ ਕਾਨੂੰਨਾਂ ਬਾਰੇ ਸਮਝਾ ਕੇ ਸ਼ਾਂਤ ਕਰਨ ਦੇ ਯਤਨਾ ਵਿਚ ਹਨ। ਪੰਜਾਬ ਭਾਜਪਾ ਦਫ਼ਤਰ 'ਚ ਬਿਹਾਰ ਦੀ ਜਿੱਤ 'ਤੇ ਮਨਾਏ ਜਸ਼ਨਾਂ ਦੌਰਾਨ ਕਈ ਭਾਜਪਾ ਆਗੂਆਂ ਦੇ ਵਿਵਾਦਤ ਤੇ ਵਿਗੜੇ ਬੋਲ ਸੱਭ ਕੁੱਝ ਸਪੱਸ਼ਟ ਕਰ ਰਹੇ ਸਨ।

ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਇਸ ਮੌਕੇ ਮੌਜੂਦ ਭਾਜਪਾ ਦੇ ਕੇਂਦਰੀ ਨੇਤਾ ਤੇ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ ਬਿਹਾਰ ਚੋਣਾਂ ਦੇ ਨਤੀਜੇ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰਨ ਤੇ ਇਸ ਲਈ ਭੜਕਾਉਣ ਵਾਲੇ ਕਾਂਗਰਸ ਆਗੂਆਂ ਤੇ ਕਮਿਊਨਿਸਟ ਨੇਤਾਵਾਂ ਦੇ ਮੂੰਹ 'ਤੇ ਚਪੇੜ ਹਨ।

ਉਨ੍ਹਾਂ ਕਿਹਾ ਕਿ ਬਿਹਾਰ ਵੱਡੀ ਗਿਣਤੀ ਵਿਚ ਕਿਸਾਨਾਂ ਵਾਲਾ ਸੂਬਾ ਹੈ ਅਤੇ ਇਸੇ ਤਰ੍ਹਾਂ ਗੁਜਰਾਤ ਤੇ ਉਤਰ ਪ੍ਰਦੇਸ਼ ਵਿਚ ਵੀ ਕਿਸਾਨ ਅਹਿਮੀਅਤ ਰਖਦੇ ਹਨ ਪਰ ਉਥੇ ਭਾਜਪਾ ਨੂੰ ਮਿਲੀ ਸਫ਼ਲਤਾ ਨੇ ਕੇਂਦਰ ਵਲੋਂ ਖੇਤੀ ਕਾਨੂੰਨ ਪਾਸ ਕਰ ਕੇ ਕਿਸਾਨਾਂ ਦੀ ਭਲਾਈ ਲਈ ਕੀਤੇ ਮੋਦੀ ਸਰਕਾਰ ਦੇ ਫੈਸਲਿਆਂ ਨੂੰ ਸਹੀ ਠਹਿਰਾ ਦਿਤਾ ਹੈ। ਭਾਜਪਾ ਆਗੂ ਨੇ ਇਹ ਦਾਅਵਾ ਵੀ ਕੀਤਾ ਕਿ ਹੁਣ ਪੰਜਾਬ ਵਿਚ ਕਿਸਾਨ ਸਮਝ ਗਏ ਹਨ ਤੇ ਅੰਦੋਲਨ ਖ਼ਤਮ ਹੋ ਰਿਹਾ ਹੈ।

ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕਿਸਾਨਾਂ ਦਾ ਅੰਦੋਲਨ ਭੜਕਾਉਣ ਪਿਛੇ ਸੂਬੇ ਦੀ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਅੰਦੋਲਨਕਾਰੀਆਂ ਨੂੰ ਫੰਡਿੰਗ ਕੀਤੀ ਅਤੇ ਟੈਂਟ ਅਤੇ ਲੰਗਰ ਮੁਹਈਆ ਕਰਵਾ ਕੇ ਰੇਲ ਪਟੜੀਆਂ 'ਤੇ ਬਿਠਾਇਆ ਸੀ।

ਇਸੇ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਿਛੇ ਨਹੀਂ ਰਹੇ ਤੇ ਉਨ੍ਹਾਂ ਵੀ ਕੇਂਦਰੀ ਆਗੂ ਦੇ ਵਿਚਾਰਾਂ ਦੀ ਤਾਈਦ ਕਰਦਿਆਂ ਕਿਹਾ ਕਿ ਬਿਹਾਰ ਤੇ ਹੋਰ ਕਈ ਰਾਜਾਂ ਦੇ ਵਿਧਾਨ ਸਭਾ ਨਤੀਜੇ ਕੇਂਦਰ ਦੇ ਪਾਸ ਖੇਤੀ ਕਾਨੂੰਨਾਂ 'ਤੇ ਮੋਹਰ ਹਨ। ਇਸ ਬਾਰੇ ਪ੍ਰਧਾਨ ਮੰਤਰੀ ਨੇ ਖ਼ੁਦ ਚੋਣ ਮੁਹਿੰਮ ਦੌਰਾਨ ਮੁੱਦਾ ਚੁਕਦਿਆਂ ਵਿਚਾਰ ਰੱਖੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਕੇਂਦਰ ਦੀ, ਪ੍ਰਸਤਾਵਿਤ ਮੀਟਿੰਗ ਨਾਲ ਸੂਬੇ 'ਚ ਮਾਹੌਲ ਛੇਤੀ ਸ਼ਾਂਤ ਹੋ ਜਾਵੇਗਾ।