ਸੰਘਰਸ਼ੀ ਰੰਗ 'ਚ ਰੰਗੇ ਪਿੰਡ : ਦਿੱਲੀ ਧਰਨੇ 'ਚ ਹਰ ਘਰ ’ਚੋਂ ਇਕ ਵਿਅਕਤੀ ਹੋਵੇਗਾ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਢ ਕੁਇੰਟਲ ਖੋਆ ਵੀ ਦਿੱਲੀ ਸੰਘਰਸ਼ ਲਈ ਭੇਜਿਆ 

Bharti Kisan Union

ਰਾਏਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕਾਈ ਪਿੰਡ ਚੱਕ ਭਾਈਕਾ ਦੀ ਮੀਟਿੰਗ ਪ੍ਰਧਾਨ ਸਾਧੂ ਸਿੰਘ ਰਾਏ ਦੀ ਅਗਵਾਈ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਾਈ ਦੇ ਜਨਰਲ ਸਕੱਤਰ ਅਤੇ ਜਥੇਬੰਦੀ ਦੇ ਬੁਲਾਰੇ ਹਰਬਖ਼ਸੀਸ ਸਿੰਘ ਰਾਏ ਨੇ ਦਸਿਆ ਕਿ ਉਨ੍ਹਾਂ ਵਲੋਂ ਹੁਣ ਤਕ ਦਿੱਲੀ ਦੇ ਧਰਨੇ ਵਿਚ ਤਿੰਨ ਜੱਥੇ ਭੇਜੇ ਜਾ ਸਕੇ ਹਨ।

ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਪਿੰਡ ਚੱਕ ਭਾਈਕਾ ਦੇ ਵਾਸੀਆਂ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ, ਉਨ੍ਹਾਂ ਦਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਢ ਕੁਇੰਟਲ ਖੋਆ ਦਿੱਲੀ ਸੰਘਰਸ਼ ਵਿਚ ਭੇਜਿਆ ਜਾ ਚੁੱਕਾ ਹੈ। 

ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਧਰਨੇ ਸਬੰਧੀ ਕੁੱਝ ਮਤੇ ਵੀ ਪਾਏ ਗਏ ਜਿਨ੍ਹਾਂ ਵਿਚ ਮੁੱਖ ਤੌਰ ਤੇ ਦਿੱਲੀ ਸੰਘਰਸ਼ ਵਿਚ ਪਿੰਡ ਦੇ ਹਰੇਕ ਘਰ ਵਿਚੋਂ ਇਕ ਵਿਅਕਤੀ ਜ਼ਰੂਰ ਜਾਵੇਗਾ, ਜੋ ਫ਼ੰਡ ਇੱਕਠਾ ਹੋਇਆ ਹੈ, ਉਸ ਨੂੰ ਸੁਚੱਜੇ ਢੰਗ ਨਾਲ ਵਰਤਿਆ ਜਾਵੇਗਾ, ਜੇਕਰ ਕਿਸੇ ਵਾਹਨ ਜਾਂ ਜੱਥੇ ’ਚ ਗਏ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜੋ ਵੀ ਖ਼ਰਚ ਹੋਵੇਗਾ ਉਹ ਜਥੇਬੰਦੀ ਵਲੋਂ ਕੀਤਾ ਜਾਵੇਗਾ।

ਹਰਬਖ਼ਸੀਸ ਸਿੰਘ ਰਾਏ ਨੇ ਇਸ ਸੰਘਰਸ਼ ਵਿਚ ਯੋਗਦਾਨ ਪਾ ਰਹੇ ਲੋਕਾਂ ਦਾ ਧਨਵਾਦ ਕੀਤਾ ਅਤੇ ਸੰਘਰਸ਼ ਵਿਚ ਜੋ ਲੋਕ ਸ਼ਾਮਲ ਨਹੀਂ ਹੋ ਸਕੇ ਉਨ੍ਹਾਂ ਨੂੰ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ, ਮੀਤ ਪ੍ਰਧਾਨ ਪ੍ਰਗਟ ਸਿੰਘ, ਖਜਾਨਚੀ ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਰਾਏ, ਕੁਲਵੰਤ ਸਿੰਘ, ਦਲਬੀਰ ਸਿੰਘ, ਸੁਖਦੀਪ ਸਿੰਘ, ਬਿੰਦਰ ਸਿੰਘ, ਹਰਮਿੰਦਰ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ।