ਪੰਜਾਬ ਕੈਬਨਿਟ ਦਾ ਨੌਜਵਾਨਾਂ ਲਈ ਵੱਡਾ ਫ਼ੈਸਲਾ: ਹੁਣ ਹਰ ਸਾਲ ਹੋਵੇਗੀ ਪੰਜਾਬ ਪੁਲਿਸ ਦੀ ਭਰਤੀ
ਸਰਕਾਰ ਵੱਲੋਂ ਹਰ ਸਾਲ ਮਾਲ ਪਟਵਾਰੀਆਂ ਦੀਆਂ 710 ਪੋਸਟਾਂ ਭਰੀਆਂ ਜਾਣਗੀਆਂ।
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੇ ਨੌਜਵਾਨਾਂ ਲਈ ਕਈ ਅਹਿਮ ਫੈਸਲੇ ਲਏ ਗਏ ਹਨ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਮੰਤਰੀ ਮੰਡਲ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਪੁਲਿਸ ਦੀ ਭਰਤੀ ਵਿਚ ਹਰ ਸਾਲ ਕਾਂਸਟੇਬਲ ਦੀਆਂ 1800 ਅਸਾਮੀਆਂ ਭਰੀਆਂ ਜਾਣਗੀਆਂ।
ਇਸ ਤੋਂ ਇਲਾਵਾ ਸਬ-ਇੰਸਪੈਕਟਰ ਦੀਆਂ 300 ਅਸਾਮੀਆਂ ਹਰ ਸਾਲ ਭਰੀਆਂ ਜਾਣਗੀਆਂ। ਜਿਸ ਵਿਚ ਹਰ ਸਾਲ 15 ਸਤੰਬਰ ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ ਲਿਆ ਜਾਵੇਗਾ। ਇਹ ਭਰਤੀ ਪ੍ਰਕਿਰਿਆ ਉਸੇ ਸਾਲ ਵਿਚ ਮੁਕੰਮਲ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਐਨਸੀਸੀ (ਨੈਸ਼ਨਲ ਕੈਡਿਟ ਕੋਰ) ਦੇ ਅੰਦਰ ਜੋ ਵੀ ਵਿਭਾਗੀ ਅਹੁਦੇ ਖਾਲੀ ਹਨ, ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ ਤਾਂ ਜੋ 203 ਅਸਾਮੀਆਂ ਭਰੀਆਂ ਜਾ ਸਕਣ। ਇਸ ਤੋਂ ਇਲਾਵਾ ਸਰਕਾਰ ਵੱਲੋਂ ਹਰ ਸਾਲ ਮਾਲ ਪਟਵਾਰੀਆਂ ਦੀਆਂ 710 ਪੋਸਟਾਂ ਭਰੀਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕਰੱਸ਼ਰ ਨੀਤੀ ਤਹਿਤ ਠੇਕੇਦਾਰਾਂ ਵੱਲੋਂ ਭਰੀਆਂ ਜਾਣ ਵਾਲੀਆਂ ਕਿਸ਼ਤਾਂ ਲਈ ਮਿਆਦ ਵਿਚ 6 ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੈਰ ਸਿੰਜਾਈ ਲਈ ਵਰਤੇ ਜਾਣ ਵਾਲੇ ਨਹਿਰੀ ਪਾਣੀ ਵਿਚ ਵੀ ਸੋਧ ਕੀਤੀ ਗਈ ਹੈ, ਜਿਸ ਜ਼ਰੀਏ 186 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ।