ਗੁੰਮਸ਼ੁਦਗੀ ਦੇ ਪੋਸਟਰਾਂ ਬਾਅਦ 'ਪ੍ਰਗਟ' ਹੋਏ ਸੰਨੀ ਦਿਓਲ, ਲੋਕਾਂ ਨੂੰ ਦਿਤੀ ਇਹ ਸੌਗਾਤ

ਏਜੰਸੀ

ਖ਼ਬਰਾਂ, ਪੰਜਾਬ

ਹਲਕਾ ਵਾਸੀਆਂ ਨੂੰ ਦਿਤੀਆਂ ਲੋਹੜੀ ਦੀਆਂ ਮੁਬਾਰਕਾਂ

file photo

ਪਠਾਨਕੋਟ : ਸੰਸਦ ਮੈਂਬਰ ਸੰਨੀ ਦਿਓਲ ਨੂੰ ਅਪਣੇ ਹਲਕੇ 'ਚੋਂ ਕਾਫ਼ੀ ਦਿਨਾਂ ਤਕ ਗਾਇਬ ਰਹਿਣਾ ਉਸ ਸਮੇਂ ਮਹਿੰਗਾ ਪੈਣਾ ਸ਼ੁਰੂ ਹੋ ਗਿਆ ਜਦੋਂ ਉਨ੍ਹਾਂ ਦੇ ਵਿਰੋਧੀਆਂ ਨੇ ਹਲਕੇ ਅੰਦਰ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿਤੇ। ਇਸ ਘਟਨਾ ਨੇ ਜਿੱਥੇ ਮੀਡੀਏ ਦਾ ਧਿਆਨ ਅਪਣੇ ਵੱਲ ਖਿੱਚਿਆ, ਉਥੇ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਵੀ ਵੱਡੀ ਮਾਯੂਸੀ ਦਾ ਸਾਹਮਣਾ ਪਿਆ।

ਇਸ ਤੋਂ ਬਾਅਦ ਸੰਨੀ ਦਿਓਲ ਨੂੰ ਅਚਾਨਕ ਅਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਲੋਹੜੀ ਵਾਲੇ ਦਿਨ ਅਚਾਨਕ ਹਲਕੇ ਅੰਦਰ ਆ ਪ੍ਰਗਟ ਹੋਏ। ਉਨ੍ਹਾਂ ਦਾ 'ਮਿਸਟਰ ਇੰਡੀਆ' ਵਾਲਾ ਅਵਤਾਰ ਵੇਖ ਕੇ ਉਨ੍ਹਾਂ ਦੇ ਪ੍ਰਸੰਸਕਾ ਦੀ ਜਾਨ 'ਚ ਜਾਨ ਆਈ ਹੈ। ਇਸੇ ਦੌਰਾਨ ਸੰਨੀ ਦਿਓਲ ਨੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿਤੀਆਂ ਹਨ।

ਸੰਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਦੇ ਨਾਲ-ਨਾਲ ਇਕ 'ਸੁਗਾਤ' ਵੀ ਦਿਤੀ ਹੈ। ਸੰਨੀ ਦਿਓਲ ਮੁਤਾਬਕ ਉਨ੍ਹਾਂ ਨੇ ਪਠਾਨਕੋਟ ਅੰਦਰ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸੜਕਾਂ ਨੂੰ ਚੌੜੀਆਂ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਲੋੜੀਂਦੀ ਰਾਸ਼ੀ ਸੈਕਸ਼ਨ ਕਰਵਾ ਲਈ ਹੈ।

ਹਲਕੇ ਅੰਦਰ ਅਪਣੀ ਗੁੰਮਸ਼ੁਦਗੀ ਦੇ ਪੋਸਟਰ ਲੱਗਣ ਸਬੰਧੀ ਸਵਾਲ ਦੇ ਜਵਾਬ 'ਚ ਸੰਨੀ ਦਿਓਲ ਨੇ ਕਿਹਾ ਕਿ ਇਹ ਸਾਰਾ ਕਾਰਾ ਉਨ੍ਹਾਂ ਦੇ ਵਿਰੋਧੀਆਂ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੇ ਹਲਕੇ ਅੰਦਰ ਕਈ ਕੰਮ ਕੀਤੇ ਹਨ ਅਤੇ ਅੱਗੇ ਤੋਂ ਵੀ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਲੋਕਾਂ ਦਾ ਨੁਮਾਇੰਦਾ ਹੋਣ ਨਾਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਜੀਦਾ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਵਲੋਂ ਕੋਸ਼ਿਸ਼ਾਂ ਜਾਰੀ ਹਨ।