ਪੰਜਾਬ ਸਰਕਾਰ ਨਸ਼ਿਆਂ ਨੂੰ ਨੱਥ ਪਾਉਣ ਲਈ ਕੈਨੇਡਾ ਤੋਂ ਮੰਗਵਾ ਰਹੀ ਇਹ ਤਕਨੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਵਿਚ ਜੁਟੀ ਰਾਜ ਸਰਕਾਰ ਨੇ ਸਿੰਥੈਟਿਕ ਨਸ਼ਿਆਂ ਤੋਂ ਇਲਾਵਾ ਰਵਾਇਤੀ ਨਸ਼ਿਆਂ ਦੀ ਰੋਕਥਾਮ ਲਈ ਬੀੜਾ ਚੁੱਕਿਆ ਹੈ...

Drugs

ਚੰਡੀਗੜ੍ਹ : ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਵਿਚ ਜੁਟੀ ਰਾਜ ਸਰਕਾਰ ਨੇ ਸਿੰਥੈਟਿਕ ਨਸ਼ਿਆਂ ਤੋਂ ਇਲਾਵਾ ਰਵਾਇਤੀ ਨਸ਼ਿਆਂ ਦੀ ਰੋਕਥਾਮ ਲਈ ਬੀੜਾ ਚੁੱਕਿਆ ਹੈ। ਇਸ ਦੇ ਤਹਿਤ ਸਰਕਾਰ ਹੁਣ ਸੂਬੇ ਵਿਚ ਅਫੀਮ ਅਤੇ ਅਫੀਮ ਨਾਲ ਪੈਦਾ ਹੋਣ ਵਾਲੇ ਨਸ਼ੇ ਦੀ ਰੋਕਥਾਮ ਦੇ ਲਈ ਕੈਨੇਡਾ ਦੇ ਰਾਜ ਅਲਬਰਟਾ ਦੇ ਨਸ਼ੀਲੇ ਪਦਾਰਥ ਕੰਟਰੋਲ ਪ੍ਰੋਗਰਾਮ ਦਾ ਸਹਾਰਾ ਲਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਸ਼ੇ 'ਤੇ ਅਲਬਰਟਾ ਰਾਜ ਨਾਲ ਤਾਲਮੇਲ ਬਿਠਾਉਣ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪੀ ਹੈ।

ਮੁੱਖ ਮੰਤਰੀ ਨੇ ਇਸ ਸਬੰਧ ਵਿਚ ਫ਼ੈਸਲਾ ਹਾਲ ਹੀ ਵਿਚ ਉਸ ਸਮੇਂ ਲਿਆ ਜਦ ਰਾਜ ਦੇ ਤਕਨੀਕੀ ਸਿੱਖਿਆ ਵਿਭਾਗ ਦੁਆਰਾ ਸਿੱਖਿਆ, ਟਰੇਨਿੰਗ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿਚ ਸਹਿਯੋਗ ਦਾ ਇੱਕ ਸਮਝੌਤਾ ਅਲਬਰਟਾ ਸਰਕਾਰ ਦੇ ਨਾਲ ਕੀਤਾ। ਇਸ ਮੌਕੇ 'ਤੇ ਇਹ ਗੱਲ ਸਾਹਮਣੇ ਆਈ ਕਿ ਅਫੀਮ ਅਤੇ ਨਸ਼ੀਲੇ ਪਦਾਰਥ ਦੇ ਕਾਰਨ ਰੋਜ਼ਾਨਾ ਦੋ ਲੋਕਾਂ ਦੀ ਮੌਤ ਝੱਲ ਰਹੇ ਅਲਬਰਟਾ ਨੇ ਇੱਕ ਮੰਤਰੀ ਦੀ ਅਗਵਾਈ ਵਿਚ ਓਪੀਅੋਡ ਐਮਰਜੈਂਸੀ ਰਿਸਪਾਂਸ ਕਮਿਸ਼ਨ ਦਾ ਗਠਨ ਕੀਤਾ ਹੈ।

ਇਹ ਕਮਿਸ਼ਨ ਅਫੀਮ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੇ ਨਾਲ ਨਾਲ ਨਸ਼ੇੜੀਆਂ ਦੇ ਇਲਾਜ, ਨਸ਼ੇ ਦੀ ਰੋਕਥਾਮ, ਸਪਲਾਈ ਚੇਨ ਤੋੜਨ ਅਤੇ ਹਾਲਾਤ 'ਤੇ ਲਗਾਤਾਰ ਨਜ਼ਰ ਰੱਖਣ ਦੀ ਵਿਵਸਥਾ ਨੂੰ ਕੰਟਰੋਲ ਕਰਦਾ ਹੈ। ਅਲਬਰਟਾ ਰਾਜ ਦੀ ਅਫੀਮ 'ਤੇ ਵਿਭਿੰਨ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਕਿ 2016 ਵਿਚ ਉਥੇ 358 ਲੋਕਾਂ ਦੀ ਓਪੀਅੋਡ ਦੇ ਓਵਰਡੋਜ਼ ਨਾਲ ਮੌਤ ਹੋਈ।

2017 ਵਿਚ ਇਹ ਅੰਕੜਾ 687 ਵਿਅਕਤੀ ਤੱਕ ਪਹੁੰਚ ਗਿਆ। 2018 ਦੇ ਪਹਿਲੇ ਕੁਆਰਟਰ ਵਿਚ ਹੀ ਅਲਬਰਟਾ ਵਿਚ 158 ਲੋਕ ਅਫੀਮ ਅਤੇ ਓਪੀਅੋਡ ਨਸ਼ਿਆਂ ਦੇ ਕਾਰਨ ਜਾਨ ਗਵਾ ਚੁੱਕੇ ਹਨ।