ਅਕਾਲੀ ਦਲ ਨੂੰ ਸੰਗਰੂਰ 'ਚ ਫਿਰ ਲੱਗਿਆ ਜ਼ਬਰਦਸਤ ਝਟਕਾ
ਪਾਰਟੀ ਨੂੰ ਮੁਸਲਿਮ ਭਾਈਚਾਰੇ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ
ਮਲੇਰਕੋਟਲਾ : ਜ਼ਿਲ੍ਹਾ ਸੰਗਰੂਰ ਅੰਦਰ ਪਹਿਲਾਂ ਹੀ ਢੀਂਡਸਾ ਪਰਵਾਰ ਦੀ ਬਗ਼ਾਵਤ ਕਾਰਨ ਮਾੜੇ ਦੌਰ 'ਚੋਂ ਲੰਘ ਰਹੇ ਅਕਾਲੀ ਦਲ ਨੂੰ ਸੰਗਰੂਰ ਜ਼ਿਲ੍ਹੇ ਵਿਚ ਇਕ ਹੋਰ ਝਟਕਾ ਲੱਗਾ।
ਪੰਜਾਬ ਸੂਬੇ ਦੇ ਇਕੋ-ਇੱਕ ਮੁਸਲਿਮ ਬਹੁਲਤਾ ਵਾਲੇ ਹਲਕਾ ਮਲੇਰਕੋਟਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਲੰਮੇਂ ਸਮੇਂ ਤੋਂ ਜੁੜੇ ਆ ਰਹੇ ਅਕਾਲੀ ਆਗੂਆਂ ਨਗਰ ਕੌਂਸਲ ਮਲੇਰਕੋਟਲਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਲਿਆਕਤ ਅਲੀ ਜਮਾਲਪੁਰਾ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਬੀਬੀ ਫ਼ਰੀਦਾ ਲਿਆਕਤ ਸਮੇਤ ਟਕਸਾਲੀ ਅਕਾਲੀ ਆਗੂ ਪ੍ਰਾਪਟੀ ਐਡਵਾਇਜ਼ਰ ਗੁਲਜ਼ਾਰ ਖਾਂ ਨੇ ਸੀ.ਏ.ਏ. ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕਰ ਦਿਤਾ।
ਸਥਾਨਕ ਬਸ ਸਟੈਂਡ ਰੋਡ 'ਤੇ ਇਕ ਕੈਫੇ 'ਚ ਬਾਅਦ ਦੁਪਹਿਰ ਬੁਲਾਈ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਾਮਰੇਡ ਇਸਮਾਇਲ ਨੇ ਕਿਹਾ ਕਿ ਗ਼ਰੀਬਾਂ, ਮਜ਼ਲੂਮਾਂ ਤੇ ਘੱਟ ਗਿਣਤੀਆਂ ਦੀ ਹਿਤੈਸ਼ੀ ਸਿਧਾਂਤਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੇ ਕੇਂਦਰ 'ਚ ਪਾਰਟੀ ਪ੍ਰਧਾਨ ਸਖਬੀਰ ਬਾਦਲ ਨੇ ਅਪਣੀ ਪਤਨੀ ਦੀ ਵਜ਼ੀਰੀ ਖਾਤਰ ਸੀ.ਏ.ਏ. ਦੇ ਮੁੱਦੇ 'ਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਖੜਨ ਦੀ ਬਜਾਏ ਨਾਗਰਿਕਤਾ ਸੋਧ ਬਿਲ ਦੀ ਹਮਾਇਤ ਕਰ ਕੇ ਪਾਰਟੀ ਸਿਧਾਂਤਾ ਦੀ ਬਲੀ ਦੇ ਦਿਤੀ ਹੈ।
ਪਾਰਟੀ ਦੇ ਇਸ ਫ਼ੈਸਲੇ ਨਾਲ ਸਾਡੇ ਮਨਾਂ ਨੂੰ ਗਹਿਰੀ ਸੱਟ ਵੱਜੀ ਹੈ। ਜਿਸ ਕਾਰਨ ਮਜ਼ਬੂਰ ਹੋ ਕੇ ਅਸੀਂ ਅੱਜ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਹਮੇਸ਼ਾ ਸੈਕੂਲਰ ਰਹੀ ਹੈ ਤੇ ਹੁਣ ਵੀ ਉਹ ਸੈਕੂਲਰ ਸੋਚ ਰੱਖਣ ਵਾਲੀ ਪਾਰਟੀ 'ਚ ਹੀ ਜਾਣਗੇ।
ਕਾਮਰੇਡ ਇਸਮਾਇਲ ਦੇ ਨਾਲ ਇਸ ਮੌਕੇ ਪਾਰਟੀ ਛੱਡਣ ਵਾਲਿਆਂ 'ਚ ਮੁੱਖ ਤੌਰ 'ਤੇ ਲਿਆਕਤ ਅਲੀ ਜਮਾਲਪੁਰਾ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਬੀਬੀ ਫਰੀਦਾ ਲਿਆਕਤ, ਟਕਸਾਲੀ ਅਕਾਲੀ ਆਗੂ ਗੁਲਜ਼ਾਰ ਖਾਂ, ਮੋਲਵੀ ਕਾਸਿਮ, ਹਾਜੀ ਮੁਹੰਮਦ ਅਖੱਤਰ, ਬਾਬੂ ਆੜਤੀਆ, ਮੁਹੰਮਦ ਅਨਵਰ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।