ਅੰਮ੍ਰਿਤਸਰ 'ਚ ਸੁਖਬੀਰ ਦੀ ਚਾਣਕਿਆ ਨੀਤੀ ਨੇ ਚਿੱਤ ਕੀਤੇ ਟਕਸਾਲੀ, ਕੈਪਟਨ 'ਤੇ ਵੀ ਚਲਾਏ 'ਸ਼ਬਦੀ ਤੀਰ'

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ 'ਤੇ ਲਾਏ ਐਸ਼ਪ੍ਰਸਤੀ ਦੇ ਦੋਸ਼

file photo

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਤੋਂ ਸੇਧ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਅਪਣੇ ਸਿਆਸੀ ਕੁਹਾੜੇ ਨੂੰ ਰੈਲੀਆਂ ਰੂਪੀ ਸਾਨ 'ਤੇ ਤੇਜ਼ ਕਰਨਾ ਸ਼ਰੂ ਕਰ ਦਿਤਾ ਹੈ। ਇਸ ਦੀ ਸ਼ੁਰੂਆਤ ਭਾਵੇਂ ਸੰਗਰੂਰ ਤੋਂ ਪਹਿਲਾਂ ਹੀ ਕਰ ਦਿਤੀ ਗਈ ਸੀ ਪਰ ਉਸ ਵੇਲੇ ਪਾਰਟੀ ਦਾ ਸਾਰਾ ਧਿਆਨ ਢੀਂਡਸਾ ਪਰਵਾਰ 'ਤੇ ਕੇਂਦਰਿਤ ਰਹਿਣ ਕਾਰਨ ਕੋਈ ਬਹੁਤਾ ਸਿਆਸੀ ਪ੍ਰਭਾਵ ਨਹੀਂ ਸੀ ਪਿਆ। ਹੁਣ ਦਿੱਲੀ ਵਿਚ ਕੇਂਦਰ ਸਰਕਾਰ ਦੇ ਵੱਡੇ ਅੜਿਗਿਆਂ ਦੇ ਬਾਵਜੂਦ 'ਆਪ' ਵਲੋਂ ਗੱਡੇ ਜਿੱਤ ਦੇ ਝੰਡੇ ਨੇ ਪੰਜਾਬ ਦੀ ਸਿਆਸਤ 'ਚੋਂ ਹਾਸ਼ੀਏ 'ਤੇ ਪਹੁੰਚੇ ਅਕਾਲੀ ਦਲ 'ਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਹੈ।

ਇਸ ਦਾ ਅੰਦਾਜ਼ਾ ਸ਼੍ਰੋਮਣੀ ਅਕਾਲੀ ਦਲ ਦੀ ਅੰਮ੍ਰਿਤਸਰ ਵਿਖੇ ਚੱਲ ਰਹੀ ਰੈਲੀ ਦੌਰਾਨ ਸੀਨੀਅਰ ਆਗੂਆਂ ਵਲੋਂ ਅਪਣਾਏ ਤਿੱਖੇ ਤੇਵਰਾਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਰੈਲੀ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਲੋਕਾਂ ਸਾਹਮਣੇ ਨਵੇਂ ਵਾਅਦਿਆਂ ਦਾ ਪਟਾਰਾ ਖੋਲ੍ਹਿਆ, ਉਥੇ ਹੀ ਕੈਪਟਨ ਸਰਕਾਰ ਦੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਖ਼ੂਬ ਢੰਡੋਰਾ ਪਿਟਿਆ। ਇਸ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਵਲੋਂ ਮਾਝੇ ਦੇ ਟਕਸਾਲੀਆਂ ਅੰਦਰ ਸੰਨ੍ਹ ਲਾਉਣ ਦੀ ਅਪਣਾਈ ਰਣਨੀਤੀ ਨੇ ਵੀ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿਤਾ ਹੈ।

ਦੱਸ ਦਈਏ ਕਿ ਵੀਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਪਾਰਟੀ ਅੰਦਰ ਸ਼ਾਮਲ ਕਰਨ ਦਾ ਐਲਾਨ ਕੀਤਾ। ਅੰਮ੍ਰਿਤਸਰ ਦੇ ਰਾਜਾਸਾਸੀ ਵਿਖੇ ਕਾਂਗਰਸ ਖਿਲਾਫ਼ ਕੀਤੀ ਜਾ ਰਹੀ ਰੈਲੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ 'ਤੇ ਵੱਡੇ ਸ਼ਬਦੀ ਹਮਲੇ ਵੀ ਕੀਤੇ।

ਕੈਪਟਨ ਦੀ ਐਸ਼ਪ੍ਰਸਤੀ 'ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਸਲੀ ਡਿਊਟੀ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ ਜਦਕਿ ਐਸ਼ਪ੍ਰਸਤੀ 'ਚ ਰੁੱਝੇ ਮੁੱਖ ਮੰਤਰੀ ਕੋਲ ਲੋਕਾਂ ਲਈ ਸਮਾਂ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਸੱਤਾ 'ਚ ਆਇਆ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤਕ ਅੰਮ੍ਰਿਤਸਰ ਵਾਸੀਆਂ ਨੂੰ ਉਨ੍ਹਾਂ ਦੇ ਦਰਸ਼ਨ ਨਹੀਂ ਹੋ ਸਕੇ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਨੂੰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਸਗੋਂ ਪਹਿਲਾਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਝੂਠ ਬੋਲ ਦੇ ਸੱਤਾ ਹਥਿਆਈ ਹੈ। ਇੱਥੋਂ ਤਕ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ।