''ਮੈਂ ਸੁਖਬੀਰ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਵਿਰੁਧ ਸੀ''

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਤੇ ਬੇਅਦਬੀ ਕਾਂਡ ਕਾਰਨ ਪਾਰਟੀ ਨੂੰ ਅਲਵਿਦਾ ਕਿਹਾ : ਬ੍ਰਹਮਪੁਰਾ

File photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) :  ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਜਥਾ ਅੰਮ੍ਰਿਤਸਰ ਸ਼ਹਿਰੀ ਦੀ ਲੋਕ ਸੰਪਰਕ ਮੁਹਿੰਮ ਤਹਿਤ ਇਕ ਬਹੁਤ ਪ੍ਰਭਾਵਸ਼ਾਲੀ ਸਮਾਗਮ ਹਲਕਾ ਪੂਰਬੀ ਦੇ ਇਲਾਕੇ ਈਸਟ ਮੋਹਨ ਨਗਰ ਵਿਖੇ ਜਥੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਲਕੱਤਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸਮਾਗਮ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਐਮ.ਐਲ.ਏ. ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ।

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਵਿਰੁਧ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ 2019 ਦੀ ਸ਼ਰਮਨਾਕ ਹਾਰ ਵੀ ਸੁਖਬੀਰ ਬਾਦਲ ਦੇ ਗ਼ੈਰ ਪੰਥਕ ਕਾਰਜਾਂ ਕਾਰਨ ਹੋਈ ਹੈ। ਸੌਦਾ ਸਾਧ ਨੂੰ ਮਾਫ਼ੀ ਅਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਘੋਰ ਬੇਅਦਬੀ ਵਰਗੇ ਕਾਂਡਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਲਈ ਮਜ਼ਬੂਰ ਕਰ ਦਿਤਾ।

ਉਨ੍ਹਾਂ ਹਮਖ਼ਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਚਲਣ ਦੀ ਵੀ ਗੱਲ ਕੀਤੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਅਪਣੇ ਵਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਸੱਦਾ ਦਿਤਾ। ਗੁਰਪ੍ਰੀਤ ਸਿੰਘ ਕਲਕੱਤਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਵਿਚ ਪੰਜਾਬ ਅਤੇ ਸਿੱਖਾਂ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ।

ਸਮੇਂ ਦੀਆਂ ਸਰਕਾਰਾਂ ਪੰਜਾਬ ਨਾਲ ਹੋਈਆਂ ਵਧੀਕੀਆਂ ਵਿਰੁਧ ਕੋਈ ਠੋਸ ਕਾਰਵਾਈ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਰਹੀਆਂ ਹਨ। ਉਨ੍ਹਾਂ ਬਾਦਲ ਦਲ ਦੀ ਗ਼ੈਰ ਲੋਕਤੰਤਰੀ ਅਤੇ ਗ਼ੈਰ ਪੰਥਕ ਨੀਤੀਆਂ ਕਾਰਨ ਪੰਜਾਬ ਅਤੇ ਸਿੱਖੀ ਦੇ ਹੋਏ ਘੋਰ ਨੁਕਸਾਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਗੁਰਦਵਾਰਾ ਪ੍ਰਬੰਧ 'ਚ ਆਏ ਨਿਘਾਰ ਉਤੇ ਵੀ ਚਿੰਤਾ ਜਤਾਈ।

ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਬ੍ਰਹਮਜੀਤ ਸਿੰਘ ਮੀਤ ਪ੍ਰਧਾਨ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਤੇ  ਕਸ਼ਮੀਰ ਸਿੰਘ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸੀਨੀਅਰ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹਰਬਿੰਦਰ ਪਾਲ ਸਿੰਘ ਅਤੇ ਕਸ਼ਮੀਰ ਸਿੰਘ ਨੇ ਵੀ ਬੋਧਨ ਕੀਤਾ।

ਸਟੇਜ ਦੀ ਕਾਰਵਾਈ ਜਥੇ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਨੇ ਸੰਭਾਲੀ। ਅੰਤ ਵਿਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਕਰੀਬਨ ਦੋ ਦਰਜਨ ਤੋਂ ਵੱਧ ਗੁਰਸਿੱਖ ਪਰਵਾਰਾਂ ਨੂੰ ਸਿਰੋਪਾਉ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਇੰਜੀਨੀਅਰ ਕਸ਼ਮੀਰ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ ਸਿੰਘ, ਕਰਨਦੀਪ ਸਿੰਘ, ਸੁਖਨੈਣ ਸਿੰਘ, ਇੰਦਰਜੀਤ ਸਿੰਘ ਜੌਹਰ, ਸੰਤੋਖ ਸਿੰਘ, ਕੁਲਜੀਤ ਸਿੰਘ, ਸੁਖਵਿੰਦਰ ਸਿੰਘ,

ਸੁਖਜਿੰਦਰ ਸਿੰਘ ਸੰਧੂ, ਰਛਪਾਲ ਸਿੰਘ ਰਿਟਾਇਰਡ ਸੀਨੀਅਰ ਬੈਂਕ ਮੈਨੇਜਰ, ਗੁਰਵਿੰਦਰ ਸਿੰਘ ਚਾਵਲਾ ਅਤੇ ਜੀ.ਐੱਸ. ਗਾਂਧੀ (ਦੋਨੋਂ ਰਿਟਾਇਰਡ ਬੈਂਕ ਮੈਨੇਜਰ), ਜਸਪ੍ਰੀਤ ਸਿੰਘ ਅਤੇ ਹਰਮਨ ਸਿੰਘ। ਇਸ ਮੌਕੇ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਮੈਂਬਰ, ਠੇਕੇਦਾਰ ਬਾਵਾ ਸਿੰਘ (ਮੁੱਖ ਸਲਾਹਕਾਰ), ਬਲਵਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਅਮਰਜੀਤ ਸਿੰਘ ਵਾਲੀਆ (ਸਕੱਤਰ ਜਨਰਲ), ਹਰਬਿੰਦਰ ਪਾਲ ਸਿੰਘ (ਸੀਨੀਅਰ ਮੀਤ ਪ੍ਰਧਾਨ), ਤੇਜਿੰਦਰ ਸਿੰਘ ਗੋਗੀ (ਸੀਨੀਅਰ ਮੀਤ ਪ੍ਰਧਾਨ) ਆਦਿ ਹਾਜ਼ਰ ਸਨ।