ਅੰਮ੍ਰਿਤਸਰ 'ਚ ਅਮਿਤ ਸ਼ਾਹ ਦੀ ਰੈਲੀ ਹੋਈ ਠੁੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਦੀਪ ਪੁਰੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਆਏ ਸੀ ਅਮਿਤ ਸ਼ਾਹ

Amit Shah

ਅੰਮ੍ਰਿਤਸਰ- ਦੇਸ਼ ਵਿਚ ਮੋਦੀ ਲਹਿਰ ਦਾ ਦਾਅਵਾ ਕਰਨ ਵਾਲੀ ਭਾਜਪਾ ਦੇ ਇਨ੍ਹਾਂ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਹੋਈ ਨਜ਼ਰ ਆਈ ਜਦੋਂ ਅੰਮ੍ਰਿਤਸਰ ਦੇ ਰਣਜੀਤ ਅਵੈਨਿਊ ਵਿਚ ਕੀਤੀ ਗਈ ਇਕ ਰੈਲੀ ਦੌਰਾਨ ਵੱਡੀ ਗਿਣਤੀ ਵਿਚ ਖ਼ਾਲੀ ਕੁਰਸੀਆਂ ਦੇਖਣ ਨੂੰ ਮਿਲੀਆਂ, ਜਦਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਇਸ ਰੈਲੀ ਅੰਮ੍ਰਿਤਸਰ ਤੋਂ ਆਪਣੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਹੋਏ ਸਨ।

ਜਾਣਕਾਰੀ ਅਨੁਸਾਰ ਭਾਜਪਾ ਆਗੂਆਂ ਵਲੋਂ ਰੈਲੀ ਵਿਚ ਮਹਿਜ਼ 2 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਸਨ ਪਰ ਅਫ਼ਸੋਸ ਕਿ ਇਨ੍ਹਾਂ ਵਿਚੋਂ ਮਹਿਜ਼ ਅੱਧੀਆਂ ਕੁਰਸੀਆਂ ਵੀ ਨਹੀਂ ਭਰ ਸਕੀਆਂ। ਰੈਲੀ ਵਿਚ ਜਿਵੇਂ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅਪਣਾ ਭਾਸ਼ਣ ਸ਼ੁਰੂ ਕੀਤਾ। ਓਵੇਂ ਹੀ ਵੱਡੀ ਗਿਣਤੀ ਵਿਚ ਕੁਰਸੀਆਂ ਖਾਲੀ ਹੋ ਗਈਆਂ।

ਭਾਜਪਾ ਵਲੋਂ ਭਾਵੇਂ ਅਪਣੇ ਉਮੀਦਵਾਰ ਦੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਰੈਲੀ ਵਿਚ ਪਈਆਂ ਖਾਲੀ ਕੁਰਸੀਆਂ ਭਾਜਪਾ ਦੇ ਕਮਜ਼ੋਰ ਹੋਣ ਦਾ ਸੰਕੇਤ ਦੇ ਰਹੀਆਂ ਹਨ। ਦਸ ਦਈਏ ਕਿ ਭਾਜਪਾ ਦੇ ਨਾਲ-ਨਾਲ ਉਸ ਦੇ ਭਾਈਵਾਲ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਰੈਲੀਆਂ ਵਿਚ ਕੁੱਝ ਅਜਿਹਾ ਹੀ ਹੋ ਰਿਹਾ ਹੈ। ਬੀਤੇ ਦਿਨ ਖਡੂਰ ਸਾਹਿਬ ਵਿਖੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਰੈਲੀ ਵਿਚ ਵੀ ਵੱਡੀ ਪੱਧਰ 'ਤੇ ਖਾਲੀ ਕੁਰਸੀਆਂ ਨਜ਼ਰ ਆਈਆਂ ਸਨ।