ਅਮਿਤ ਸ਼ਾਹ ਤੋਂ ਲੈ ਕੇ ਦਿੱਲੀ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਡਟੇ ਰਹੇ ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਵਿਚ ਭਗਵੇਂ ਦੇ ਹੱਕ ਵਿਚ ਸਿਰਸਾ ਦੇ ਚੋਣ ਪ੍ਰਚਾਰ ਨੇ ਛੇੜੀ ਨਵੀਂ ਚਰਚਾ

Manjider Singh Sirsa

ਨਵੀਂ ਦਿੱਲੀ : ਭਾਵੇਂ ਕਿ ਇਸ ਸਾਲ ਜਨਵਰੀ ਮਹੀਨੇ ਵਿਚ ਤਖ਼ਤ ਹਜ਼ੂਰ ਸਾਹਿਬ ਬੋਰਡ ਵਿਚ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੀ ਦਖ਼ਲਅੰਦਾਜ਼ੀ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਸ. ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲੈਣ ਦੀ ਚਿਤਾਵਨੀ ਤਕ ਦੇ ਦਿਤੀ ਸੀ ਤੇ ਵਕਤੀ ਤੌਰ 'ਤੇ ਮਸਲਾ ਸੁਲਝ ਜਾਣ ਪਿਛੋਂ ਮੁੜ ਭਾਜਪਾ ਨਾਲ ਜੱਫ਼ੀਆਂ ਪੈ ਗਈਆਂ ਸਨ। ਇਸ ਦੇ ਉਲਟ ਹੁਣ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਜਾਣ ਪਿਛੋਂ ਸਿਰਸਾ ਨੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਖੁਲ੍ਹ ਕੇ ਚੋਣ ਪ੍ਰਚਾਰ ਕਰਦਿਆਂ ਮੁੜ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕੀਤੀ।

ਗੁਜਰਾਤ ਦੇ ਅਹਿਮਦਾਬਾਦ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਹੱਕ ਵਿਚ ਸਿੱਖਾਂ ਨੂੰ ਲਾਮਬੰਦ ਕਰਨ ਤੋਂ ਲੈ ਕੇ ਬਠਿੰਡਾ ਵਿਖੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਤੋਂ ਹੁੰਦੇ ਹੋਏ ਸਿਰਸਾ ਨੇ ਅਪ੍ਰੈਲ ਮਹੀਨੇ ਪੂਰੀ ਤਰ੍ਹਾਂ ਦਿੱਲੀ ਵਿਚ ਭਾਜਪਾ ਦੇ ਬਹੁਤਾਤ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੁਹਿੰਮ ਭਖਾਈ ਰੱਖੀ ਤੇ ਸਿੱਖਾਂ ਦੀਆਂ ਖ਼ਾਸ ਮੀਟਿੰਗਾਂ ਕਰ ਕੇ, ਭਾਜਪਾ ਦੇ ਪੱਖ ਵਿਚ ਭੁਗਤਣ ਦੀ ਅਪੀਲ ਕੀਤੀ। ਭਾਵੇਂ ਸਿੱਖਾਂ ਵਿਚ ਆਰ.ਐਸ.ਐਸ. ਤੇ ਭਾਜਪਾ ਦੀਆਂ ਘੱਟ-ਗਿਣਤੀਆਂ ਬਾਰੇ ਨੀਤੀਆਂ ਨੂੰ ਲੈ ਕੇ, ਬਾਗ਼ੀ ਸੁਰਾਂ ਉੱਠਦੀਆਂ ਰਹਿੰਦੀਆਂ ਹਨ।

ਇਸ ਦੇ ਬਾਵਜੂਦ ਦਿੱਲੀ ਗੁਰਦਵਾਰਾ ਕਮੇਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਦਿੱਲੀ ਦੇ ਸਿੱਖਾਂ ਦੇ 'ਖ਼ਾਲਸਾ ਧਾਰਮਕ ਅਦਾਰੇ' ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੂਰੇ ਜ਼ੋਰ ਸ਼ੋਰ ਤੇ ਖੁਲ੍ਹ ਕੇ, ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਕਰਨ ਤੋਂ ਲੈ ਕੇ ਘਰੋ ਘਰੀ ਵੋਟਾਂ ਮੰਗ ਕੇ, ਭਾਜਪਾ ਉਮੀਦਵਾਰਾਂ ਨੂੰ ਜੇਤੂ ਬਣਾਉੇਣ ਦੀ ਅਪੀਲ ਕਰਦਾ ਵੇਖਿਆ ਗਿਆ। ਇਹੀ ਨਹੀਂ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਸ.ਕੁਲਵੰਤ ਸਿੰਘ ਬਾਠ ਤੇ ਹੋਰ ਹਲਕਿਆਂ ਦੇ ਬਹੁਤਾਤ ਮੈਂਬਰ ਵੀ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਡੱਟੇ ਰਹੇ ਜਦੋਂਕਿ ਕਾਂਗਰਸ ਹਮਾਇਤੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਘੱਟ-ਗਿਣਤੀਆਂ ਦੇ ਹੱਕਾਂ ਦੀ ਰਾਖੀ ਦੇ ਦਾਅਵੇ ਦੇ ਨਾਂਅ 'ਤੇ  ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਰਹੇ।

ਅੱਜ ਤੋਂ ਠੀਕ 2 ਸਾਲ ਪਹਿਲਾਂ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਸਿਰਸਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ 'ਕਮਲ' ਚੋਣ ਨਿਸ਼ਾਨ 'ਤੇ ਚੋਣ ਲੜੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਤਕੜੀ ਹਾਰ ਦੇ ਕੇ 13 ਅਪ੍ਰੈਲ 2017 ਨੂੰ ਚੋਣ ਵਿਚ ਜੇਤੂ ਰਹੇ ਸਨ। ਉਸ ਤੋਂ ਪਹਿਲਾਂ ਤੋਂ ਹੀ ਸਿਰਸਾ ਭਾਜਪਾ ਦੇ ਹੱਕ ਵਿਚ ਸਰਗਰਮ ਚਲਦੇ ਆ ਰਹੇ ਹਨ ਅਤੇ ਦਿੱਲੀ ਕਮੇਟੀ ਦੀ ਪ੍ਰਧਾਨਗੀ ਪਿਛੋਂ ਵੀ ਇਹ ਸਰਗਰਮੀ ਹੋਰ ਵੱਧ ਗਈ। ਬੀਤੇ ਦਿਨ ਪੱਛਮੀ ਦਿੱਲੀ ਵਿਚ ਫ਼ਿਲਮ ਅਦਾਕਾਰ ਤੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਉਲ ਵਲੋਂ ਭਾਜਪਾ ਉਮੀਦਵਾਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦੇ ਰੋਡ ਸ਼ੋਅ ਵਿਚ ਵੀ ਸਿਰਸਾ ਨੇ ਖੁਲ੍ਹ ਕੇ, ਹਿੱਸਾ ਲਿਆ। ਇਸੇ ਤਰ੍ਹਾਂ ਹੰਸਰਾਜ ਹੰਸ, ਗੌਤਮ ਗੰਭੀਰ ਆਦਿ ਦੇ ਹੱਕ ਵਿਚ ਮੀਟਿੰਗਾਂ ਵਿਚ ਸਿੱਖਾਂ ਨੂੰ 'ਕਮਲ ਖਿੜਾਉਣ' 'ਤੇ ਜ਼ੋਰ ਦਿਤਾ।