ਕੇਜਰੀਵਾਲ ਨੂੰ ਵਿਖਾਈਆਂ ਕਾਲੀਆਂ ਝੰਡੀਆਂ, ਭਗਵੰਤ ਮਾਨ ਦੇ ਹੱਕ ’ਚ ਪੁੱਜੇ ਸੀ ਪ੍ਰਚਾਰ ਕਰਨ
ਖਨੌਰੀ ’ਚ ਕੇਜਰੀਵਾਲ ਦਾ ਕੀਤਾ ਗਿਆ ਜ਼ਬਰਦਸਤ ਵਿਰੋਧ
ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ‘ਆਪ’ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਸੰਗਰੂਰ ਵਾਸੀਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਦਰਅਸਲ, ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਦੇ ਹੱਕ ਵਿਚ ਖਨੌਰੀ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਗਿਆ।
ਇਸ ਦੌਰਾਨ ਰਸਤੇ ਵਿਚ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਅਤੇ ਕਿਹਾ ਕਿ ਅਸੀਂ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਅਤੇ ਸੰਸਦ ਵਿਚ ਭੇਜਿਆ ਪਰ ਪਿਛਲੇ 5 ਸਾਲਾਂ ਵਿਚ ਉਨ੍ਹਾਂ ਵਲੋਂ ਇਕ ਵਾਰ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਅਤੇ ਡਰੱਗ ’ਤੇ ਕੇਜਰੀਵਾਲ ਨੇ ਵੱਡੇ-ਵੱਡੇ ਭਾਸ਼ਣ ਦਿਤੇ ਸੀ ਪਰ ਅਖ਼ੀਰ ਵਿਚ ਉਨ੍ਹਾਂ ਨੇ ਬਿਕਰਮ ਮਜੀਠੀਆ ਤੋਂ ਹੀ ਮਾਫ਼ੀ ਮੰਗ ਲਈ। ਇਸ ਲਈ ਅੱਜ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਹੁਣ ਪੰਜਾਬ ਆਉਣ ਦਾ ਕੋਈ ਹੱਕ ਨਹੀਂ ਹੈ।