ਆਖ਼ਰੀ ਗੇੜ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਧੂੰਆਂਧਾਰ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹੁਲ, ਪ੍ਰਿਅੰਕਾ, ਮੋਦੀ, ਅਮਿਤ ਸ਼ਾਹ ਦੇ ਦੌਰੇ ਸ਼ੁਰੂ

Lok Sabha Election last phase

ਚੰਡੀਗੜ੍ਹ : ਗੁਆਂਢੀ ਸੂਬੇ ਹਰਿਆਣਾ ਦੀਆਂ 10 ਸੀਟਾਂ 'ਤੇ ਛੇਵੇਂ ਗੇੜ ਦੀਆਂ ਵੋਟਾਂ ਪੈਣ ਉਪਰੰਤ ਅੱਜ ਦੇਰ ਸ਼ਾਮ ਤੋਂ ਹੀ ਸਿਆਸੀ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਤੇ ਸਟਾਰ ਪ੍ਰਚਾਰਕਾਂ ਦਾ ਧਿਆਨ ਪੰਜਾਬ ਦੀਆਂ ਸਾਰੀਆਂ 13 ਸੀਟਾਂ ਵਲ ਜੁਟ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਭਲਕੇ ਤੋਂ ਹੀ ਧੂੰਆਂਧਾਰ ਪ੍ਰਚਾਰ ਸ਼ੁਰੂ ਕਰ ਰਹੇ ਹਨ ਜਦੋਂ ਕਿ ਹਾਈ ਕਮਾਂਡ ਤੋਂ ਰਾਹੁਲ ਗਾਂਧੀ, ਪ੍ਰਿਅੰਕਾ ਅਤੇ ਹੋਰ ਸਟਾਰ ਪ੍ਰਚਾਰਕ 17 ਮਈ ਦੀ ਸ਼ਾਮ ਤਕ ਵਿਸ਼ੇਸ਼ ਤੌਰ 'ਤੇ ਗੁਰਦਾਸਪੁਰ, ਫ਼ਤਿਹਗੜ੍ਹ ਸਾਹਿਬ, ਬਠਿੰਡਾ, ਲੁਧਿਆਣਾ ਅਤੇ ਜਲੰਧਰ ਸੀਟਾਂ 'ਤੇ ਗੇੜਾ ਮਾਰਨਗੇ।

ਅਕਾਲੀ-ਬੀਜੇਪੀ ਗਠਜੋੜ ਵਲੋਂ ਪਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਕੇਂਦਰ ਤੋਂ ਅਮਿਤ ਸ਼ਾਹ, ਨਰਿੰਦਰ ਮੋਦੀ ਤੇ ਉਮੀਦਵਾਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਖਮਾਣੋਂ, ਬਡਾਲੀ, ਸਰਹਿੰਦ ਤੇ ਹੋਰ ਨੇੜੇ ਪੈਂਦੇ ਪਿੰਡਾਂ, ਜੋ ਫ਼ਤਿਹਗੜ੍ਹ ਸਾਹਿਬ ਰਿਜ਼ਰਵ ਲੋਕ ਸਭਾ ਸੀਟਾਂ ਵਿਚ ਪੈਂਦੇ ਹਨ, ਰੋਜ਼ਾਨਾ ਸਪੋਕਸਮੈਨ ਵਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਅਧਿਆਪਕਾਂ, ਨੌਕਰੀ ਪੇਸ਼ਾ, ਕਿਸਾਨਾਂ ਘਰੇਲੂ ਮਹਿਲਾਵਾਂ,ਨੌਜਵਾਨਾਂ, ਲੜਕੇ ਲੜਕੀਆਂ, ਦੁਕਾਨਦਾਰਾਂ ਮਜ਼ਦੂਰਾਂ ਤੇ ਪੇਂਡੂ ਸੱਥਾਂ ਵਿਚ ਸੰਪਰਕ ਕਰਨ 'ਤੇ ਪਤਾ ਲਗਾ ਕਿ ਭਾਵੇਂ ਚੋਣ ਮੈਦਾਨ ਵਿਚ 'ਆਪ' ਦੇ ਬਨਦੀਪ ਦੂਲੋਂ ਅਤੇ ਪੀ.ਡੀ.ਏ. ਦੇ ਮਨਵਿੰਦਰ ਗਿਆਸਪੁਰਾ ਵੀ ਡੱਟੇ ਹੋਏ ਹਨ ਪਰ ਲਗਭਗ ਸਿੱਧਾ ਅਤੇ ਮੁੱਖ ਮੁਕਾਬਲਾ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਅਤੇ ਕਾਂਗਰਸ ਦੇ ਡਾ. ਅਮਰ ਸਿੰਘ ਦਰਮਿਆਨ ਲਗਦਾ ਹੈ।

ਇਹ ਦੋਵੇਂ ਆਈ.ਏ.ਐਸ. ਅਫ਼ਸਰ ਰਹਿ ਚੁਕੇ ਹਨ। ਗੁਰੂ ਤਾਂ ਪੰਜਾਬ ਕੇਡਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਕਈ ਸਾਲ ਰਹੇ ਅਤੇ 2012 ਵਿਚ ਭਦੌੜ ਹਲਕੇ ਤੋਂ ਅਤੇ 2017 ਵਿਚ ਬਸੀ ਪਠਾਣਾਂ ਅਸੈਂਬਲੀ ਸੀਟ ਤੋਂ ਚੋਣ ਹਾਰ ਚੁਕੇ ਹਨ ਜਦੋਂ ਕਿ ਡਾ. ਅਮਰ ਸਿੰਘ 2017 ਵਿਚ ਰਾਏਕੋਟ ਤੋਂ ਹਾਰੇ ਹੋਏੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਸੰਪਰਕ ਕਰਨ 'ਤੇ ਦੋਹਾਂ ਉਮੀਦਵਾਰਾਂ ਨੇ ਆਪੋ ਅਪਣੇ ਹੱਕ ਵਿਚ ਵੋਟਰਾਂ ਦੇ ਰੁਝਾਨ ਦਾ ਦਾਅਵਾ ਕੀਤਾ।

ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ 'ਚ ਅੱਜ ਫ਼ਤਿਹਗੜ੍ਹ ਸਾਹਿਬ ਦੇ ਖੰਨਾ ਹਲਕੇ 'ਚ ਰਾਹੁਲ ਗਾਂਧੀ ਨੇ ਚੋਣ ਰੈਲੀ ਕੀਤੀ। ਜਦੋਂ ਕਿ ਦਰਬਾਰਾ ਸਿੰਘ ਗੁਰੂ ਦਾ ਕਹਿਣਾ ਹੈ ਕਿ ਉਨ੍ਹਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਨੇਤਾਵਾਂ ਨਾਲ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਮੰਡੀ ਗੋਬਿੰਦਗੜ੍ਹ, ਖੰਨਾ, ਸਰਹਿੰਦ, ਪਾਇਲ ਤੇ ਰਾਏਕੋਟ ਤੇ ਅਮਰਗੜ੍ਹ ਦੇ ਤਿੰਨ-ਤਿੰਨ ਗੇੜੇ ਪੂਰੇ ਕਰ ਲਏ ਹਨ। ਚੌਥਾ ਚੱਕਰ ਚਲ ਰਿਹਾ ਹੈ।

ਦਰਬਾਰਾ ਸਿੰਘ ਗੁਰੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਪਿਛਲੇ 2 ਸਾਲਾਂ ਵਿਚ ਕੋਈ ਕੰਮ ਨਹੀਂ ਹੋਇਆ। ਆਟਾ-ਦਾਲ ਸਕੀਮ ਬੰਦ ਪਈ ਹੈ, ਸ਼ਗਨ ਸਕੀਮ, ਪੈਨਸ਼ਨਾਂ ਨਹੀਂ ਮਿਲ ਰਹੀਆਂ, ਕਰਜ਼ ਮਾਫ਼ੀ ਦਾ ਵਾਅਦਾ ਸਿਰੇ ਨਹੀਂ ਚੜ੍ਹਿਆ, ਵਿਕਾਸ ਗ੍ਰਾਂਟਾਂ ਠੱਪ ਹਨ ਅਤੇ ਰੋਜ਼ਗਾਰ ਮੁਹਈਆ ਕਰਾਉਣ ਵਿਚਖ ਸਰਕਾਰ ਫ਼ੇਲ੍ਹ ਹੋਈ ਹੈ। ਡਾ. ਅਮਰ ਸਿੰਘ ਦੀ ਟੇਕ ਸਿਰਫ਼ ਇਸੇ ਨੁਕਤੇ 'ਤੇ ਹੈ ਕਿ ਕੁਲ 9 ਅਸੈਂਬਲੀ ਹਲਕਿਆਂ ਵਿਚੋਂ 7 ਕਾਂਗਰਸੀ ਵਿਧਾਇਕ ਹਨ, ਵੋਟਾਂ ਪੱਕੀਆਂ ਹਨ ਜਦੋਂ ਕਿ ਰਾਏਕੋਟ ਤੋਂ ਆਪ ਦੇ ਮੈਂਬਰ ਜੱਗਾ ਹਿੱਸੋਵਾਲੀਆ ਅਤੇ ਸਾਹਨੇਵਾਲ ਤੋਂ ਅਕਾਲੀ ਵਿਧਾਇਕ ਸ਼ਰਨਜੀਤ ਢਿੱਲੋਂ ਵਾਲੇ ਇਲਾਕੇ ਵਿਚੋਂ ਉਹ ਮਾਰ ਖਾ ਸਕਦੇ ਹਨ।

ਬਾਕੀ 7 ਅਸੈਂਬਲੀ ਹਲਕਿਆਂ ਵਿਚ ਫ਼ਤਿਹਗੜ੍ਹ ਸਾਹਿਬ, ਬੱਸੀ ਪਠਾਣਾਂ, ਅਮਲੋਹ, ਖੰਨਾ, ਸਮਰਾਲਾ, ਪਾਇਲ ਤੇ ਅਮਰਗੜ੍ਹ ਨੂੰ ਮਿਲਾ ਕੇ ਕੁਲ ਪੌਣੇ 15 ਲੱਖ ਵੋਟਾਂ (14,74,947) ਵਿਚੋਂ 75 ਪ੍ਰਤੀਸ਼ਤ ਵੋਟ ਰਾਮਦਾਸੀਆ ਤੇ ਬਾਲਮੀਕੀ ਭਾਈਚਾਰੇ ਦੀ ਹੈ। ਪਿਛਲੀਆਂ ਲੋਕ ਸਭਾ ਚੋਣਾਂ 2014 ਵਿਚ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ, ਆਪ ਦੇ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਤੋਂ ਮਾਰ ਖਾ ਗਏ ਸਨ। ਖ਼ਾਲਸਾ ਵੀ ਆਈ.ਐਫ਼.ਐਸ. ਅਧਿਕਾਰੀ ਰਹਿ ਚੁਕੇ ਹਨ। ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਡੇਢ ਸਾਲ ਬਾਅਦ ਹੀ ਪਾਰਟੀ ਤੋਂ ਮੁਅੱਤਲ ਕਰ ਦਿਤਾ ਸੀ ਅਤੇ ਉਨ੍ਹਾਂ ਲਗਭਗ 4 ਸਾਲ ਮੁਅੱਤਲੀ ਦਾ ਸਮਾਂ ਕੱਢ ਕੇ ਮਾਰਚ ਮਹੀਨੇ, ਬੀਜੇਪੀ ਵਿਚ ਸ਼ਮੂਲੀਅਤ ਕਰ ਲਈ ਸੀ।