ਪੰਜਾਬ ਦੇ 14 ਫ਼ੀ ਸਦੀ ਉਮੀਦਵਾਰਾਂ 'ਤੇ ਅਪਰਾਧਕ ਮਾਮਲੇ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਫ਼ੀ ਸਦੀ ਕਰੋੜਪਤੀ, 34 ਫ਼ੀ ਸਦੀ ਜ਼ਿਆਦਾ ਪੜ੍ਹੇ ਲਿਖੇ, 6 ਫ਼ੀ ਸਦੀ ਅਨਪੜ੍ਹ : ਏ.ਡੀ.ਆਰ. ਦੀ ਰੀਪੋਰਟ ਵਿਚ ਖੁਲਾਸਾ

Criminal cases registered against 14 percent candidates of Punjab

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕੌਮੀ ਪੱਧਰ 'ਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਿਫ਼ਾਰਮਜ਼ (ਏ.ਡੀ.ਆਰ.) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੁਆਰਾ ਚੋਣ ਕਮਿਸ਼ਨ ਨੂੰ ਦਿਤੇ ਹਲਫ਼ੀਆ ਬਿਆਨਾਂ ਦਾ ਅਧਿਐਨ ਕਰ ਕੇ ਦਿਲਚਸਪ ਤੱਥ ਤੇ ਅੰਕੜੇ ਸਾਹਮਣੇ ਲਿਆਂਦੇ ਹਨ। ਇਹ ਰੀਪੋਰਟ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਤੇ ਹਰਪ੍ਰੀਤ ਸਿੰਘ ਆਦਿ ਵਲੋਂ ਰਿਲੀਜ਼ ਕੀਤੀ ਗਈ।

ਰੀਪੋਰਟ ਮੁਤਾਬਕ ਲੋਕ ਸਭਾ ਚੋਣਾਂ ਲੜ ਰਹੇ 278 ਉਮੀਦਵਾਰਾਂ 'ਚੋਂ 277 ਉਮੀਦਵਾਰਾਂ ਦੇ ਹਲਫ਼ੀਆ ਬਿਆਨਾਂ ਦਾ ਅਧਿਐਨ ਕੀਤਾ ਗਿਆ। 39 ਉਮੀਦਵਾਰਾਂ ਨੇ ਮੰਨਿਆ ਕਿ ਉਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ 29 (10%) 'ਤੇ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਮਾਮਲੇ ਦਰਜ ਹਨ। ਪਾਰਟੀ ਵਾਈਜ਼ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ 10 'ਚੋਂ 7, ਆਮ ਆਦਮੀ ਪਾਰਟੀ ਦੇ 13 'ਚੋਂ 3, ਕਾਂਗਰਸ ਦੇ 13 'ਚੋਂ 1 ਉਮੀਦਵਾਰਾਂ 'ਤੇ ਅਪਰਾਧਕ ਮਾਮਲੇ ਦਰਜ ਹਨ। ਭਾਜਪਾ ਦੇ ਤਿੰਨ ਉਮੀਦਵਾਰਾਂ 'ਚੋਂ ਕਿਸੇ 'ਤੇ ਕੋਈ ਮੁਕੱਦਮਾ ਦਰਜ ਨਹੀਂ ਹੈ। ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ 3-3 ਉਮੀਦਵਾਰਾਂ 'ਚੋਂ 1-1 ਤੇ ਅਪਰਾਧਕ ਮਾਮਲੇ ਦਰਜ ਹਨ। ਸੀ.ਪੀ.ਆਈ. ਦੇ 2 'ਚੋਂ 1 ਉਮੀਦਵਾਰ ਤੇ ਅਪਰਾਧਕ ਮਾਮਲੇ ਦਰਜ ਹਨ।

277 ਉਮੀਦਵਾਰਾਂ 'ਚੋਂ 67 (24%) ਦੀ ਜਾਇਦਾਦ ਕਰੋੜਾਂ ਵਿਚ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਾਨਤਾ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ। ਆਮ ਆਦਮੀ ਪਾਰਟੀ ਦੇ 13 ਚੋਂ 8 (62%), ਬੀ.ਐਸ.ਪੀ., ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਤਿੰਨ ਤਿੰਨ ਉਮੀਦਵਾਰਾਂ 'ਚੋਂ ਦੋ-ਦੋ (67%) ਉਮੀਦਵਾਰ ਕਰੋੜਪਤੀ ਹਨ। ਦੇਣਦਾਰੀਆਂ ਦੇ ਮਾਮਲੇ ਵਿਚ ਸਭ ਤੋਂ ਉੱਪਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (95 ਕਰੋੜ) ਅਤੇ ਅਜੇ ਸਿੰਘ ਧਰਮਿੰਦਰ ਦਿਊਲ ਉਰਫ ਸੰਨੀ ਦਿਊਲ (53 ਕਰੋੜ) ਆਉਂਦੇ ਹਨ।

ਆਮਦਨ ਦਿਖਾਉਣ 'ਚ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਭ ਤੋਂ ਉੱਪਰ ਹਨ। ਉਨ੍ਹਾਂ ਨੇ ਤਾਜ਼ਾ ਇਨਕਮ ਟੈਕਸ ਰਿਟਰਨ ਵਿਚ ਅਪਣੀ ਆਮਦਨ 2 ਕਰੋੜ 82 ਲੱਖ ਦਿਖਾਈ ਹੈ। ਹਾਲਾਂਕਿ ਉਨ੍ਹਾਂ ਦੀ ਅਪਣੀ ਆਮਦਨ 65 ਲੱਖ ਸਾਲਾਨਾ ਹੈ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਅਪਣੀ ਇਨਕਮ ਟੈਕਸ ਰਿਟਰਨ 2 ਕਰੋੜ 62 ਲੱਖ ਦੀ ਭਰੀ ਹੈ ਹਾਲਾਂਕਿ ਸੁਖਬੀਰ ਨੇ ਅਪਣੀ ਆਮਦਨ 2 ਕਰੋੜ 42  ਲੱਖ ਰੁਪਏ ਅਤੇ ਹਰਸਿਮਰਤ ਕੌਰ ਬਾਦਲ ਨੇ ਅਪਣੀ ਆਮਦਨ 18 ਲੱਖ 86 ਹਜ਼ਾਰ ਰੁਪਏ ਸਾਲਾਨਾ ਦਿਖਾਈ ਹੈ।

ਸਭ ਤੋਂ ਵੱਧ ਜਾਇਦਾਦ ਦਿਖਾਉਣ ਵਾਲੇ ਤਿੰਨ ਉਮੀਦਵਾਰਾਂ 'ਚ ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ, ਬਠਿੰਡਾ ਤੋਂ ਹਰਸਿਮਰਤ ਬਾਦਲ (218 ਕਰੋੜ) ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੋਢੀ ਵਿਕਰਮ ਸਿੰਘ (140 ਕਰੋੜ) ਆਉਂਦੇ ਹਨ। ਜੇਕਰ ਸਾਰੇ ਉਮੀਦਵਾਰਾਂ ਦੀ ਔਸਤਨ ਜਾਇਦਾਦ ਦੀ ਕੀਮਤ ਕੱਢੀ ਜਾਵੇ ਤਾਂ ਇਹ 5 ਕਰੋੜ ਬਣਦੀ ਹੈ ਹਾਲਾਂਕਿ 3 ਅਜ਼ਾਦ ਉਮੀਦਵਾਰਾਂ ਨੇ ਅਪਣੀ ਜਾਇਦਾਦ ਦੀ ਕੀਮਤ ਕ੍ਰਮਵਾਰ 5 ਹਜ਼ਾਰ, 3 ਹਜ਼ਾਰ ਤੇ ਸਿਰਫ 295 ਰੁਪਏ ਵੀ ਦੱਸੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਔਸਤਨ ਜਾਇਦਾਦ 51 ਕਰੋੜ ਰੁਪਏ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ 47 ਕਰੋੜ, ਬੀ.ਜੇ.ਪੀ. ਦੇ ਉਮੀਦਵਾਰਾਂ ਦੀ 41 ਕਰੋੜ, ਕਾਂਗਰਸ ਦੇ ਉਮੀਦਵਾਰਾਂ ਦੀ 23 ਕਰੋੜ, ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰਾਂ ਦੀ 20 ਕਰੋੜ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ 3 ਕਰੋੜ ਰੁਪਏ ਬਣਦੀ ਹੈ।

ਵਿਦਿਅਕ ਯੋਗਤਾ ਪੱਖੋਂ 149 (54%) ਉਮੀਦਵਾਰ ਪੰਜਵੀਂ ਤੋਂ ਬਾਰ੍ਹਵੀਂ ਤਕ ਪੜ੍ਹੇ ਹੋਏ ਹਨ ਤੇ 95 (34%) ਉਮੀਦਵਾਰ ਗ੍ਰੈਜੁਏਸ਼ਨ ਜਾਂ ਇਸ ਤੋਂ ਉੱਪਰ ਗ੍ਰੈਜੂਏਟ ਪ੍ਰੋਫੈਸ਼ਨਲ, ਪੋਸਟ ਗ੍ਰੈਜੂਏਟ ਤੇ ਡਾਕਟਰ ਹਨ। 18 ਉਮੀਦਵਾਰਾਂ ਨੇ ਅਪਣੇ ਆਪ ਨੂੰ ਅਨਪੜ੍ਹ ਵੀ ਦੱਸਿਆ ਹੈ। 25 ਤੋਂ 30 ਸਾਲ ਤਕ ਦੇ 24, 31 ਤੋਂ 40 ਦੇ 75, 41 ਤੋਂ 50 ਦੇ 71, 51 ਤੋਂ 60 ਦੇ 49, 61 ਤੋਂ 70 ਦੇ 44 ਤੇ 71 ਤੋਂ 80 ਦੇ 10 ਉਮੀਦਵਾਰ ਮੈਦਾਨ 'ਚ ਹਨ। ਇਕ ਵਿਅਕਤੀ 81 ਤੋਂ ਵੀ ਉੱਪਰ ਹੈ।