ਉੱਘੇ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿੱਟੂ ਦੀ ਮੌਤ ਨਾਲ ਕਬੱਡੀ ਖੇਡ ਪ੍ਰੇਮੀਆਂ 'ਚ ਸੋਗ ਦੀ ਲਹਿਰ

Narender Singh Bittu Dugal

ਮੁਹਾਲੀ- ਵਿਸ਼ਵ ਭਰ ਵਿਚ ਵਸਦੇ ਕਬੱਡੀ ਖੇਡ ਪ੍ਰੇਮੀਆਂ ਲਈ ਦੁੱਖ ਦੀ ਖ਼ਬਰ ਆਈ ਹੈ ਕਿਉਂਕਿ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਦੁਗਾਲ ਦੀ ਮੌਤ ਦੀ ਖ਼ਬਰ ਬਾਹਰ ਆਉਂਦੇ ਹੀ ਕਬੱਡੀ ਖੇਡ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਦਰਅਸਲ ਬੀਤੀ 16 ਅਪ੍ਰੈਲ ਨੂੰ ਬਿੱਟੂ ਦੇ ਸਿਰ ਵਿਚ ਅਚਾਨਕ ਦਰਦ ਮਹਿਸੂਸ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੇ ਦਿਮਾਗ ਦੀ ਨਾੜੀ ਫਟਣ ਦਾ ਇਲਾਜ ਸ਼ੁਰੂ ਕਰ ਦਿਤਾ। 

ਹਾਲਤ ਵਿਚ ਕੋਈ ਸੁਧਾਰ ਨਾ ਆਉਂਦਾ ਦੇਖ ਡਾਕਟਰਾਂ ਨੇ ਬਿੱਟੂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ। ਜਿੱਥੇ ਡਾਕਟਰਾਂ ਵਲੋਂ ਬਿੱਟੂ ਦਾ ਲਗਾਤਾਰ ਇਲਾਜ ਕੀਤਾ ਜਾ ਰਿਹਾ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਡਾਕਟਰ ਇਸ ਚੋਟੀ ਦੇ ਕਬੱਡੀ ਖਿਡਾਰੀ ਨੂੰ ਬਚਾ ਨਹੀਂ ਸਕੇ। ਕਬੱਡੀ ਖਿਡਾਰੀ ਨਰਿੰਦਰ ਸਿੰਘ ਬਿੱਟੂ ਦੁਗਾਲ ਦੇ ਨਾਂਅ ਤੋਂ ਹੀ ਮਸ਼ਹੂਰ ਸੀ ਅਤੇ ਉਸ ਦੀ ਖੇਡ ਦੇ ਕੌਮਾਂਤਰੀ ਪੱਧਰ 'ਤੇ ਚਰਚੇ ਸਨ।

ਬਿੱਟੂ ਦੁਗਾਲ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਕਰਵਾਏ ਪਹਿਲੇ ਵਿਸ਼ਵ ਕਬੱਡੀ ਕੱਪ ਤੋਂ ਆਪਣੀ ਪਛਾਣ ਬਣਾਈ ਸੀ ਜਿਸ ਮਗਰੋਂ ਬਿੱਟੂ ਦੀ ਪ੍ਰਸਿੱਧੀ ਦੇ ਚਾਰੇ ਪਾਸੇ ਚਰਚੇ ਹੋਣ ਲੱਗੇ। ਕਬੱਡੀ ਮੇਲਿਆਂ ਤੋਂ ਇਲਾਵਾ ਕਈ ਪੰਜਾਬੀ ਗੀਤਾਂ ਵਿਚ ਵੀ ਬਿੱਟੂ ਦੀ ਖੇਡ ਦੀ ਮਿਸਾਲ ਦਿਤੀ ਜਾਂਦੀ ਸੀ। ਬਿੱਟੂ ਦੁਗਾਲ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਸੰਸ਼ਕਾਂ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕਬੱਡੀ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਕਬੱਡੀ ਦੇ ਇਸ ਹੀਰੇ ਨੂੰ ਸ਼ਰਧਾਂਜਲੀਆਂ ਦਿਤੀਆਂ ਜਾ ਰਹੀਆਂ ਹਨ।