ਪੰਜਾਬ- ਲੋਕਾ ਸਭਾ ਚੋਣਾਂ ਦੇ ਭਖੇ ਸਿਆਸੀ ਅਖਾੜੇ ’ਚ ਵਿਧਾਨ ਸਭਾ ਹਲਕਿਆਂ ’ਤੇ ਕਾਬਜ ਪਾਰਟੀਆਂ ਅਤੇ ਲੋਕਾਂ ਨਾਲ ਕੀਤੀਆਂ ਵਿਚਾਰਾਂ ਅਨੁਸਾਰ ਇਸ ਵਕਤ ਕਿਹੋ ਜਿਹੇ ਸਮੀਕਰਨ ਬਣੇ ਨੇ ਉਹਨਾਂ ’ਤੇ ਇੱਕ ਨਜ਼ਰ ਮਾਰਦੇ ਹਾਂ। ਗੁਰਦਾਸਪੁਰ ਲੋਕ ਸਭਾ ਸੀਟ ’ਤੇ ਕਾਂਗਰਸ ਹੱਥ 9 ’ਚੋਂ 7 ਵਿਧਾਨ ਸਭਾ ਸੀਟਾਂ ਨੇ ਅਤੇ ਦੋ ਸੀਟਾਂ ਅਕਾਲੀ ਦਲ ਅਤੇ ਭਾਜਪਾ ਕੋਲ ਹਨ। ਇੱਥੇ ਅਹਿਮ ਗੱਲ ਇਹ ਵੀ ਹੈ ਕਿ ਪੰਜਾਬ ਦੀ ਵਜ਼ਾਰਤ ਦੇ ਤਿੰਨ ਵਜ਼ੀਰ ਵੀ ਇਸੇ ਲੋਕ ਸਭਾ ਹਲਕੇ ’ਚੋਂ ਹਨ।
ਸਨੀ ਦਿਓਲ ਦੇ ਮੈਦਾਨ ’ਚ ਆਉਣ ਨਾਲ ਮੁਕਾਬਲਾ ਰੋਮਾਂਚਕ ਹੋ ਗਿਆ ਹੈ ਪਰ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਵੀ ਇੱਥੇ ਕਾਫੀ ਮਜ਼ਬੂਤ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ’ਚ ਕਾਂਗਰਸ ਕੋਲ 9 ਵਿੱਚੋਂ 8 ਵਿਧਾਨ ਸਭਾ ਹਲਕੇ ਹਨ ਅਤੇ ਇੱਕ ਅਕਾਲੀ ਦਲ ਕੋਲ। ਅੰਮ੍ਰਿਤਸਰ ਤੋਂ ਵੀ ਪੰਜਾਬ ਦੀ ਵਜ਼ਾਰਤ ਨੂੰ 3 ਕੈਬਨਿਟ ਮੰਤਰੀ ਮਿਲੇ ਹਨ। ਗੁਰਜੀਤ ਔਜਲਾ ਇੱਥੇ ਕਾਫੀ ਮਜ਼ਬੂਤ ਉਮੀਦਵਾਰ ਹਨ ਕਿਉਂਕਿ ਹਰਦੀਪ ਪੁਰੀ ਬਾਹਰੋਂ ਲਿਆਂਦੇ ਹੋਏ ਉਮੀਦਵਾਰ ਨੇ ਤੇ ‘ਆਪ’ ਇੱਥੇ ਇੰਨੀ ਮਜ਼ਬੂਤ ਨਹੀਂ ਹਨ।
ਖਡੂਰ ਸਾਹਿਬ ’ਚ ਕਾਂਗਰਸ ਕੋਲ 9 ਦੀਆਂ 9 ਵਿਧਾਨ ਸਭਾ ਸੀਟਾਂ ਨੇ ਜਿਸ ਕਰਕੇ ਇੱਥੋਂ ਕਾਂਗਰਸ ਨੂੰ ਵੱਡਾ ਲਾਹਾ ਮਿਲ ਸਕਦਾ ਪਰ ਬੀਬੀ ਪਰਮਜੀਤ ਕੌਰ ਖਾਲੜਾ ਤੇ ਜਗੀਰ ਕੌਰ ਦੇ ਮੈਦਾਨ ’ਚ ਆਉਣ ਨਾਲ ਮੁਕਾਬਲਾ ਕਾਫੀ ਟੱਕਰ ਵਾਲਾ ਰਹੇਗਾ। ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਫੀ ਮਦਦ ਰਹੇਗੀ। ਜਲੰਧਰ ਲੋਕ ਸਭਾ ਸੀਟ ’ਚ ਕਾਂਗਰਸ ਕੋਲ 9 ਵਿਧਾਨ ਸਭਾ ਹਲਕਿਆਂ ’ਚੋਂ 6 ਹੱਥ ’ਚ ਹਨ ਅਤੇ 3 ਅਕਾਲੀ ਦਲ ਕੋਲ ਹਨ।
ਇੱਥੇ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਕਾਫੀ ਮਜ਼ਬੂਤ ਨਜ਼ਰ ਆ ਰਹੇ ਹਨ। ਹੁਸ਼ਿਆਰਪੁਰ ਲੋਕ ਸਭਾ ਸੀਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ’ਚੋਂ 7 ’ਤੇ ਕਾਂਗਰਸ ਕਾਬਜ ਹੈ। 1 ਸੀਟ ਭਾਜਪਾ ਕੋਲ ਅਤੇ 1 ‘ਆਪ’ ਦੇ ਵਿਧਾਇਕ ਰਹੇ ਸੁਖਪਾਲ ਖਹਿਰਾ ਕੋਲ, ਜੋ ਅਸਤੀਫਾ ਦੇ ਚੁੱਕੇ ਹਨ। ਹੁਸ਼ਿਆਰਪੁਰ ’ਚ ਕਾਂਗਰਸ ਮਜ਼ਬੂਤ ਨਜ਼ਰ ਆ ਰਹੀ ਹੈ। ਆਨੰਦਪੁਰ ਸਾਹਿਬ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ’ਚੋਂ 5 ’ਤੇ ਕਾਂਗਰਸ, ਇੱਕ ’ਤੇ ਅਕਾਲੀ ਦਲ ਤੇ 3 ਸੀਟਾਂ ’ਤੇ ‘ਆਪ’ ਕਾਬਜ ਸੀ ਜਿਹਨਾਂ ’ਚ ਅਮਰਜੀਤ ਸੰਦੋਆ ਅਸਤੀਫਾ ਦੇ ਕੇ ਕਾਂਗਰਸ ’ਚ ਸ਼ਾਮਿਲ ਹੋ ਚੁੱਕੇ ਹਨ।
ਇੱਥੇ ਕਾਂਗਰਸ ਤੇ ਅਕਾਲੀ ਦਲ ’ਚ ਸਿੱਧੀ ਟੱਕਰ ਮੰਨੀ ਜਾ ਰਹੀ ਹੈ ਅਤੇ ‘ਆਪ’ ਤੇ ਟਕਸਾਲੀਆਂ ਦੇ ਉਮੀਦਵਾਰ ਦੋਵਾਂ ਧਿਰਾਂ ਦੀਆਂ ਵੋਟਾਂ ਨੂੰ ਖੋਰਾ ਲਗਾ ਸਕਦੇ ਹਨ। ਲੁਧਿਆਣਾ ਲੋਕ ਸਭਾ ਸੀਟ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇੱਥੇ ਵੀ 9 ਵਿਧਾਨ ਸਭਾ ਹਲਕਿਆਂ ’ਚੋਂ ਕਾਂਗਰਸ ਕੋਲ 5 ਵਿਧਾਨ ਸਭਾ ਹਲਕੇ ਹਨ। ਦੋ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਕੋਲ ਤੇ 2 ‘ਆਪ’ ਕੋਲ ਜਿਸ ਤੋਂ ਐੱਚ.ਐੱਸ. ਫੂਲਕਾ ਦਾਖਾਂ ਤੋਂ ਅਸਤੀਫਾ ਦੇ ਚੁੱਕੇ ਹਨ। ਇੱਥੇ ਰਵਨੀਤ ਬਿੱਟੂ ਤੇ ਸਿਮਰਜੀਤ ਬੈਂਸ ’ਚ ਸਿੱਧੀ ਟੱਕਰ ਦੇਖਣ ਨੂੰ ਮਿਲੇਗੀ।
ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ’ਚ ਕਾਂਗਰਸ ਕੋਲ 9 ਵਿਧਾਨ ਸਭਾ ਹਲਕਿਆਂ ’ਚੋਂ 7 ਹਲਕੇ ਨੇ। ਇੱਕ ਅਕਾਲੀ ਦਲ ਕੋਲ ਅਤੇ ਇੱਕ ‘ਆਪ’ ਕੋਲ ਹੈ। ਇਸ ਸੀਟ ’ਤੇ ਉਮੀਦਵਾਰਾਂ ’ਚ ਚੁੰਹ ਤਰਫਾ ਟੱਕਰ ਹੈ ਪਰ ਪੰਜਾਬ ’ਚ ਕਾਂਗਰਸ ਦੀ ਸਰਕਾਰ ਹੋਣ ਕਰਕੇ ਡਾ. ਅਮਰ ਸਿੰਘ ਨੂੰ ਲਾਹਾ ਮਿਲ ਸਕਦਾ। ਫਰੀਦਕੋਟ ਲੋਕ ਸਭਾ ਸੀਟ ’ਤੇ ਕਾਂਗਰਸ ਕੋਲ 6 ਵਿਧਾਨ ਸਭਾ ਹਲਕੇ ਹਨ ਅਤੇ 3 ‘ਆਪ’ ਕੋਲ ਜਿਹਨਾਂ ’ਚ ਮਾਸਟਰ ਬਲਦੇਵ ਸਿੰਘ ਜੈਤੋਂ ਪਾਰਟੀ ਛੱਡ ਪੰਜਾਬ ਜਮੂਹਰੀ ਗੱਠਜੋੜ ਵੱਲੋਂ ਚੋਣ ਮੈਦਾਨ ’ਚ ਹਨ।
ਇਸ ਸੀਟ ’ਤੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੂੰ ਪੰਜਾਬ ’ਚ ਕਾਂਗਰਸ ਸਰਕਾਰ ਹੋਣ ਦਾ ਲਾਹਾ ਮਿਲ ਸਕਦਾ ਹੈ। ਫਿਰੋਜ਼ਪੁਰ ’ਚ ਅਕਾਲੀ ਦਲ ਦੇ ਪ੍ਰਧਾਨ ਖੁਦ ਚੋਣ ਮੈਦਾਨ ’ਚ ਹਨ। ਇੱਥੇ ਕਾਂਗਰਸ ਕੋਲ 9 ’ਚੋਂ 6 ਵਿਧਾਨ ਸਭਾ ਹਲਕੇ ਹਨ ਅਤੇ ਅਕਾਲੀ ਭਾਜਪਾ ਕੋਲ 3 ਵਿਧਾਨ ਸਭਾ ਹਲਕੇ ਹਨ। ਇੱਥੇ ਸੁਖਬੀਰ ਬਾਦਲ ਤੇ ਸ਼ੇਰ ਸਿੰਘ ਘੁਬਾਇਆ ਦਾ ਸਿੱਧਾ ਮੁਕਾਬਲਾ ਹੈ। ਬਠਿੰਡਾ ਦੀ ਸੀਟ ਬੇਹੱਦ ਰੋਮਾਂਚਕ ਬਣ ਚੁੱਕੀ ਹੈ।
ਇੱਥੇ ਕਾਂਗਰਸ ਕੋਲ ਸਿਰਫ਼ 2 ਵਿਧਾਨ ਸਭਾ ਹਲਕੇ ਹਨ। ‘ਆਪ’ ਕੋਲ 5 ਵਿਧਾਨ ਸਭਾ ਹਲਕੇ ਹਨ ਜਿਹਨਾਂ ’ਚੋਂ ਨਾਜਰ ਸਿੰਘ ਮਾਨਸ਼ਹੀਆ ਅਸਤੀਫਾ ਦੇ ਕਾਂਗਰਸ ’ਚ ਜਾ ਚੁੱਕੇ ਹਨ। ਇੱਥੇ ਹਰਸਿਮਰਤ ਬਾਦਲ ਤੇ ਰਾਜਾ ਵੜਿੰਗ ਵਿਚਾਲੇ ਮੁਕਾਬਲਾ ਦੇਖਿਆ ਜਾ ਰਿਹਾ ਜਦਕਿ ਸੁਖਪਾਲ ਖਹਿਰਾ ਅਤੇ ਬਲਜਿੰਦਰ ਕੌਰ ਦੋਵਾਂ ਪਾਰਟੀਆਂ ਨੂੰ ਖੋਰਾ ਲਗਾਉਣਗੇ। ਸੰਗਰੂਰ ਸੀਟ ’ਤੇ ਵੀ ਸਿਆਸੀ ਲੜਾਈ ਕਾਫੀ ਮਜ਼ਬੂਤ ਹੈ। ਇੱਥੇ ‘ਆਪ’ ਕੋਲ 9 ਵਿਧਾਨ ਸਭਾ ਹਲਕਿਆਂ ’ਚੋਂ 5 ਹਲਕੇ ਹਨ
ਜਿਸਦਾ ਭਗਵੰਤ ਮਾਨ ਨੂੰ ਲਾਹਾ ਮਿਲ ਸਕਦਾ। ਇਸ ਤੋਂ ਇਲਾਵਾ 3 ਕਾਂਗਰਸ ਕੋਲ ਅਤੇ ਇੱਕ ਅਕਾਲੀ ਦਲ ਕੋਲ ਹੈ। ਇੱਥੇ ਭਗਵੰਤ ਮਾਨ ਕਾਫੀ ਮਜ਼ਬੂਤ ਹਨ। ਪਟਿਆਲਾ ਲੋਕ ਸਭਾ ਹਲਕੇ ’ਚ ਕਾਂਗਰਸ ਕੋਲ 7 ਵਿਧਾਨ ਸਭਾ ਹਲਕੇ ਹਨ ਅਤੇ ਅਕਾਲੀ ਦਲ ਕੋਲ 2, ਇਸ ਹਿਸਾਬ ਨਾਲ ਮਹਾਰਾਣੀ ਪਰਨੀਤ ਕੌਰ ਨੂੰ ਇੱਥੋਂ ਵੱਡੀ ਜਿੱਤ ਮਿਲ ਸਕਦੀ ਹੈ। ਇਹ ਅਨੁਮਾਨ ਇਹਨਾਂ ਹਲਕਿਆਂ ਦੇ ਲੋਕਾਂ ’ਚ ਵਿਚਰਣ ਤੋਂ ਬਾਅਦ ਲਗਾਇਆ ਗਿਆ ਹੈ। ਅਸਲ ਨਤੀਜਿਆਂ ਲਈ 23 ਮਈ ਤਕ ਦਾ ਇੰਤਜ਼ਾਰ ਸਭ ਨੂੰ ਹੈ।