ਕੋਰੋਨਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਟਰਾਂਸਪੋਰਟ ਮਾਫੀਆ, ਬੈਂਸ ਨੇ ਮੋਦੀ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਜੀਤ ਬੈਂਸ ਨੇ ਜੁਝਾਰ ਟਰਾਂਸਪੋਰਟ ਕੰਪਨੀ ਖਿਲਾਫ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।

Photo

ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੋਰੋਨਾ ਵਾਇਰਸ ਨੂੰ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਅਤੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਵਾਲੇ ਅਤੇ ਗਰੀਬ ਜਨਤਾ ਨੂੰ ਲੁੱਟ ਰਹੀ ਪੰਜਾਬ ਦੀ ਜੁਝਾਰ ਟਰਾਂਸਪੋਰਟ ਕੰਪਨੀ ਖਿਲਾਫ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।

ਚਿੱਠੀ ਵਿਚ ਉਹਨਾਂ ਲਿਖਿਆ ਕਿ, ਉਹਨਾਂ ਕੋਲ  ਪਿਛਲੇ ਦਿਨਾਂ ਤੋਂ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਨੂੰ ਦੇਖਦੇ ਹੋਏ ਉਹ ਲੁਧਿਆਣਾ ਦੇ ਬੱਸ ਸਟੈਂਡ ਗਏ। ਉੱਥੇ ਉਹਨਾਂ ਨੇ ਦੇਖਿਆ ਕਿ ਯੂਪੀ ਦੇ ਗੌਂਡਾ ਅਤੇ ਹੋਰ ਸੂਬਿਆਂ ਦੇ ਜ਼ਿਲ੍ਹਿਆਂ ਨੂੰ ਜਾਣ ਵਾਲੇ ਕੁਝ ਮਜ਼ਦੂਰ ਜੁਝਾਰ ਬਸ ਕੋਲ ਖੜ੍ਹੇ ਸੀ ਤੇ ਕੁਝ ਬਸ ਅੰਦਰ ਬੈਠੇ ਸੀ। ਜਦੋਂ ਉਹਨਾਂ ਮਜ਼ਦੂਰਾਂ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਉਹਨਾਂ ਦੱਸਿਆ ਕਿ ਉਹ ਅਪਣੇ ਘਰ ਜਾ ਰਹੇ ਹਨ, ਜਿਸ ਲਈ ਉਹਨਾਂ ਨੂੰ ਲੁਧਿਆਣਾ ਦੇ ਜੁਝਾਰ ਬਸ ਦੇ ਪ੍ਰਬੰਧਕਾਂ ਨੇ ਯਕੀਨ ਦਿਵਾਇਆ ਹੈ।

ਇਸ ਦੇ ਲਈ ਉਹਨਾਂ ਕੋਲੋਂ 3600 ਰੁਪਏ ਕਿਰਾਇਆ ਲਿਆ ਜਾ ਰਿਹਾ। ਜਦੋਂ ਉਹਨਾਂ ਦੀ ਮੈਡੀਕਲ ਜਾਂਚ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਡਾਕਟਰ ਨੇ ਉਹਨਾਂ ਦਾ ਤਾਪਮਾਨ ਚੈੱਕ ਕਰ ਕੇ ਮੈਡੀਕਲ ਰਿਪੋਰਟ ਬਣਾ ਦਿੱਤੀ ਹੈ। ਜਦੋਂ ਇਸ ਸਬੰਧੀ ਜੁਝਾਰ ਬੱਸ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਡੀਸੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।

ਇਸ ਦੌਰਾਨ ਜਦੋਂ ਡੀਸੀ ਨੂੰ ਫੋਨ ਕਰ ਕੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਪੂਰੀ ਘਟਨਾ ਦਾ ਲਾਈਵ ਪ੍ਰਸਾਰਣ ਵੀ ਕੀਤਾ ਗਿਆ। ਸਿਮਰਜੀਤ ਬੈਂਸ ਨੇ ਚਿੱਠੀ ਵਿਚ ਲਿਖਿਆ ਕਿ ਇਹ ਮਜ਼ਦੂਰ ਬਿਨਾਂ ਕੁਆਰੰਟਾਈਨ ਕੀਤੇ ਹੀ ਅਪਣੇ ਘਰ ਪਹੁੰਚ ਜਾਂਦੇ ਹਨ, ਜਿਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧ ਜਾਂਦਾ ਹੈ।

ਉਹਨਾਂ ਕਿਹਾ ਕਿ  ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਲੁਧਿਆਣਾ ਦੇ ਜੁਝਾਰ ਟਰਾਂਸਪੋਰਟ ਵੱਲੋਂ ਇਸ ਤੋਂ ਇਲਾਵਾ ਵੀ ਕਈ ਗੈਰ-ਕਾਨੂੰਨੀ ਧੰਦੇ ਕੀਤੇ ਜਾ ਰਹੇ ਹਨ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਹਨਾਂ ਨੇ ਚਿੱਠੀ ਵਿਚ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਹਰ ਰੋਜ਼ 4000 ਤੋਂ ਲੈ ਕੇ 15000 ਮਜ਼ਦੂਰਾਂ ਨੂੰ ਟੈਸਟ ਕਰਨ ਤੋਂ ਬਾਅਦ ਰੇਲ ਗੱਡੀਆਂ ਵਿਚ ਸਮਾਜਕ ਦੂਰੀ ਦਾ ਪਾਲਣ ਕਰਦੇ ਹੋਏ ਸਰਕਾਰ ਵੱਲੋਂ ਬਿਨਾਂ ਕਿਸੇ ਕਿਰਾਏ ਤੋਂ ਉਹਨਾਂ ਦੇ ਸੂਬਿਆਂ ਵਿਚ ਪਹੁੰਚਾਇਆ ਜਾਂਦਾ ਹੈ, ਗ੍ਰਹਿ ਰਾਜ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਂਦਾ ਹੈ ਤਾਂ ਜੋ ਕੋਰੋਨਾ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ। 

ਉਹਨਾਂ ਦੱਸਿਆ ਕਿ ਇਹ ਕੰਪਨੀ ਪੰਜਾਬ ਵਿਚ ਕੇਬਲ ਮਾਫੀਆ ਵੀ ਚਲਾਉਂਦੀ ਹੈ। ਉਹਨਾਂ ਨੇ ਲਿਖਿਆ ਕਿ ਇਸ ਕੰਪਨੀ ਦੇ ਪ੍ਰਬੰਧਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਗੱਲਬਾਤ ਹੈ ਅਤੇ ਇਸ ਤੋਂ ਪਹਿਲਾਂ ਇਹਨਾਂ ਦੀ ਅਕਾਲੀ ਦਲ ਨਾਲ ਗੱਲਬਾਤ ਸੀ। ਉਹਨਾਂ ਨੇ ਅਖੀਰ ਵਿਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲ ਦੇਣ ਅਤੇ ਇਸ 'ਤੇ ਕਾਰਵਾਈ ਕਰਨ ਤਾਂ ਜੋ ਕੋਰੋਨਾ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।