ਵੱਡੀ ਲਾਪਰਵਾਹੀ! ਪੰਜਾਬ ਪਹੁੰਚੇ 809 ਵੈਂਟੀਲੇਟਰਾਂ ਨੂੰ ਇੰਸਟਾਲ ਕਰਨ ਲਈ ਨਹੀਂ ਹੈ ਤਕਨੀਕੀ ਸਟਾਫ
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੀਐਮ ਕੇਅਰਜ਼ ਫੰਡ ਤੋਂ ਪੰਜਾਬ ਵਿਚ ਭੇਜੇ ਗਏ 809 ਵੈਂਟੀਲੇਟਰਾਂ ਨੂੰ ਲੈ ਕੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਵੈਂਟੀਲੇਟਰਾਂ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਇੰਸਟਾਲੇਸ਼ਨ ਨੂੰ ਲੈ ਕੇ ਅਪਣੇ ਹੱਥ ਖੜ੍ਹੇ ਕਰ ਦਿੱਤੇ। ਕੰਪਨੀਆਂ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹਨਾਂ ਕੋਲ ਇਸ ਲਈ ਤਕਨੀਕੀ ਸਟਾਫ ਉਪਲਬਧ ਨਹੀਂ ਹੈ।
ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਚਿੱਠੀ ਵਿਚ ਹੁਸਨ ਲਾਲ ਨੇ ਕਿਹਾ ਕਿ ਵੈਂਟੀਲੇਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨਾਲ ਤੈਅ ਸਥਾਨਾਂ ਉੱਤੇ ਵੈਂਟੀਲੇਟਰ ਸਥਾਪਤ ਕਰਨ ਲਈ ਸੰਪਰਕ ਕੀਤਾ ਗਿਆ ਪਰ ਅਜੇ ਤੱਕ ਇਸ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ।
ਕੰਪਨੀ ਨੁਮਾਇੰਦਿਆਂ ਨੇ ਹਵਾਲਾ ਦਿੱਤਾ ਕਿ ਉਹਨਾਂ ਕੋਲ ਨਾ ਤਾਂ ਵੈਂਟੀਲੇਟਰ ਸਥਾਪਤ ਕਰਨ ਲਈ ਜ਼ਰੂਰੀ ਔਜ਼ਾਰ ਹਨ ਅਤੇ ਨਾ ਹੀ ਤਕਨੀਕੀ ਸਟਾਫ। ਹੁਸਨ ਲਾਲ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਮਨਦੀਪ ਕੁਮਾਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ।
ਕੇਂਦਰ ਨੇ ਪੰਜਾਬ ਨੂੰ ਦਿੱਤੇ ਖ਼ਰਾਬ ਵੈਂਟੀਲੇਟਰ
ਉਧਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰ ਸਰਕਾਰ 'ਤੇ ਪੰਜਾਬ ਨੂੰ ਘਟੀਆ ਵੈਂਟੀਲੇਟਰ ਸਪਲਾਈ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਕੇਂਦਰ ਵਲੋਂ ਸੂਬੇ ਨੂੰ 320 ਵੈਂਟੀਲੋਟਰ ਭੇਜੇ ਗਏ ਸੀ, ਜਿਹੜੇ ਕਿ ਖ਼ਰਾਬ ਨਿਕਲੇ। ਫ਼ਰੀਦਕੋਟ ਵਿਚ ਇਹਨਾਂ ਨੂੰ ਚਲਾਉਣ ਵਿਚ ਪ੍ਰੇਸ਼ਾਨੀ ਆਈ ਤੇ ਵਧੇਰੇ ਵੈਂਟੀਲੇਟਰਾਂ ਨੇ ਕੰਮ ਹੀ ਨਹੀਂ ਕੀਤਾ।
ਸੋਨੀ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਤੇ ਹੁਣ ਕੇਂਦਰ ਵਲੋਂ ਇਹ ਵੈਂਟੀਲੇਟਰ ਦੇਣ ਵਾਲੀ ਕੰਪਨੀ ਦੇ ਟੈਕਨੀਸ਼ੀਅਨ ਚੈੱਕ ਕਰਨ ਲਈ ਆਏ ਹਨ | ਉਹਨਾਂ ਕਿਹਾ ਕਿ ਕੇਂਦਰ ਵਲੋਂ ਭੇਜੇ ਗਏ ਵੈਂਟੀਲੇਟਰ ਨਾ ਚੱਲਣ 'ਤੇ ਪੰਜਾਬ ਨੂੰ ਅਪਣੇ ਵੈਂਟੀਲੇਟਰਾਂ ਨਾਲ ਕੰਮ ਚਲਾਉਣਾ ਪਿਆ।
ਇਸ ਤੋਂ ਇਲਾਵਾ ਕੋਰੋਨਾ ਦੇ ਵਧ ਰਹੇ ਮਾਮਲਿਆਂ ਅਤੇ ਸਿਹਤ ਸਹੂਲਤਾਂ ਸਬੰਧੀ ਹਾਈ ਕੋਰਟ ਵਿਚ ਹੋ ਰਹੀ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੇ ਗਏ 82 ਵਿਚੋਂ 71 ਵੈਂਟੀਲੇਟਰ ਖ਼ਰਾਬ ਨਿਕਲੇ। ਇਸ ਤੋਂ ਬਾਅਦ ਕੇਂਦਰ ਨੇ ਕਿਹਾ ਕਿ ਇਹਨਾਂ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ।