ਆਂਗਨਵਾੜੀ ਬੀਬੀਆਂ ਵਲੋਂ ਅਰੁਣਾ ਚੌਧਰੀ ਨਾਲ ਮੀਟਿੰਗ ਸਾਰੀਆਂ ਮੰਗਾਂ 17 ਜੁਲਾਈ ਤਕ ਮੰਨਣ ਦਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ 11 ਮੈਂਬਰੀ ਵਫ਼ਦ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਅੱਜ ਸਮਾਜਕ ਸੁਰੱਖਿਆ ...

Anganwari women meeting Aruna Chaudhary

ਐਸ.ਏ.ਐਸ. ਨਗਰ,  ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ 11 ਮੈਂਬਰੀ ਵਫ਼ਦ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਅੱਜ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨਾਲ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ। 
ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸਿੰਘ ਬਰਾੜ ਤੇ ਵਿਭਾਗ ਦੀ ਡਾਇਰੈਕਟਰ ਕਵਿਤਾ ਸਿੰਘ ਤੋਂ ਇਲਾਵਾ ਵਿਭਾਗ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ।

ਇੱਥੇ ਇਹ ਜਾਣਕਾਰੀ ਦਿੰਦਿਆ ਹਰਗੋਬਿੰਦ ਕੌਰ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਨੇ ਵਫਦ ਨਾਲ ਗੱਲਬਾਤ ਕਰਦਿਆਂ ਇਹ ਮੰਨਿਆ ਕਿ ਸੂਬੇ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਮਾਣ ਭੱਤੇ ਵਿਚ ਵਾਧੇ ਵਾਲੀ ਗੱਲ ਬਿਲਕੁਲ ਜਾਇਜ਼ ਹੈ। ਆਂਗਨਵਾੜੀ ਸੈਂਟਰਾਂ ਦੇ ਬੱਚੇ ਜੋ ਸਿੱਖਿਆ ਵਿਭਾਗ ਲੈ ਗਿਆ ਹੈ, ਉਹ ਵੀ ਵਾਪਸ ਮਿਲਣੇ ਚਾਹੀਦੇ ਹਨ। 

ਉਨ੍ਹਾਂ ਭਰੋਸਾ ਦਿਤਾ ਕਿ ਯੂਨੀਅਨ ਦੀਆਂ ਮਾਣ ਭੱਤੇ ਵਿਚ ਵਾਧੇ ਸਮੇਤ ਸਾਰੀਆਂ ਮੰਗਾਂ ਸਰਕਾਰ ਮੰਨ ਲਵੇਗੀ ਅਤੇ 17 ਜੁਲਾਈ ਨੂੰ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ।  ਉਨ੍ਹਾਂ ਇਹ ਵੀ ਕਿਹਾ ਕਿ 17 ਜੁਲਾਈ ਤੋਂ ਪਹਿਲਾਂ ਪਹਿਲਾ ਦੋ ਮੀਟਿੰਗਾਂ ਉਹ ਜਥੇਬੰਦੀਆਂ ਦੀਆਂ ਆਗੂਆ ਨਾਲ  ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ ਕਰਵਾਉਣਗੇ।

ਇਸੇ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਰੂਸਾ ਆਲਮ ਦੇ ਨਾਮ ਖੂਨ ਨਾਲ ਮੰਗ ਪੱਤਰ ਲਿਖ ਕੇ 13 ਜੂਨ ਤੋਂ 16 ਜੂਨ ਤੱਕ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਭੇਜੇ ਜਾਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ। ਉਸ ਪ੍ਰੋਗਰਾਮ ਨੂੰ ਯੂਨੀਅਨ ਨੇ ਇਕ ਵਾਰ ਮੁਲਤਵੀ ਕਰ ਦਿੱਤਾ ਹੈ ਅਤੇ 16 ਜੂਨ ਤੋਂ ਬਠਿੰਡਾ ਵਿੱਚ 31 ਮੈਂਬਰਾਂ ਨੇ ਮਰਨ ਵਰਤ ਸ਼ੁਰੂ ਕਰਨਾ ਸੀ, ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਜਦੋਂਕਿ ਬਠਿੰਡਾ ਵਿੱਚ ਪਿਛਲੇ 135 ਦਿਨਾਂ ਤੋਂ ਲੜੀਵਾਰ ਚੱਲ ਰਿਹਾ ਧਰਨਾ ਜਾਰੀ ਰਹੇਗਾ। 

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ 17 ਜੁਲਾਈ ਨੂੰ ਪੰਜਾਬ ਸਰਕਾਰ ਮਾਣ ਭੱਤੇ ਵਿੱਚ ਵਾਧਾ, ਬੱਚਿਆਂ ਨੂੰ ਵਾਪਸ ਕਰਨ ਲਈ ਅਤੇ ਹੋਰ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਵੱਲੋਂ ਮੁੜ ਫੇਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੀ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਬਲਜੀਤ ਕੌਰ ਕੁਰਾਲੀ, ਗੁਰਅੰਮ੍ਰਿਤ ਕੌਰ ਲੁਧਿਆਣਾ , ਜਸਵੀਰ ਕੌਰ ਮਰਿੰਡਾ,  ਕੁਲਮੀਤ ਕੌਰ ਬਟਾਲਾ, ਬਲਜੀਤ ਕੌਰ ਪੇਧਨੀ ਅਤੇ ਜਸਵੰਤ ਕੌਰ ਭਿੱਖੀ ਵੂ ਹਾਜ਼ਰ ਸਨ।