ਆਂਗਨਵਾੜੀ ਮੁਲਾਜ਼ਮਾਂ ਨੂੰ ਚੰਡੀਗੜ੍ਹ 'ਚ ਦਾਖ਼ਲ ਹੋਣ ਤੋਂ ਰੋਕਿਆ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਤੋਂ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਪੈਦਲ ਯਾਤਰਾ ਅੱਜ ...
ਐਸ.ਏ.ਐਸ. ਨਗਰ,ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਤੋਂ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਪੈਦਲ ਯਾਤਰਾ ਅੱਜ ਚੰਡੀਗੜ੍ਹ ਦਾਖਲ ਹੋਣ ਤੋਂ ਬਾਰਡਰ ਦੇ ਉਪਰ ਰੋਕ ਦਿੱਤੀ ਗਈ। ਜਿਸ ਤੋਂ ਬਾਅਦ ਆਂਗਣਵਾੜੀ ਮੁਲਾਜ਼ਮਾਂ ਨੇ ਜ਼ੋਰ ਦੀ ਪੈ ਰਹੀ ਗਰਮੀ 'ਚ ਕੜਕਦੀ ਧੁੱਪ ਵਿਚ ਹੀ ਸੜਕਾਂ ਉਪਰ ਪੈ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਗਰਮੀ ਦੇ ਕਾਰਨ ਆਂਗਣਵਾੜੀ ਮੁਲਾਜ਼ਮ ਇਕ ਇਕ ਕਰਕੇ ਬੇਹੋਸ਼ ਹੁੰਦੀਆਂ ਰਹੀਆਂ 4 ਦਰਜਨ ਦੇ ਕਰੀਬ ਵਰਕਰਾਂ ਸੜਕਾਂ 'ਤੇ ਹੀ ਡਿੱਗ ਪਈਆਂ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਕਰੀਬ 5-6 ਐਬੂਲੈਂਸਾਂ ਦੇ ਰਾਹੀਂ ਹਸਪਤਾਲ 'ਚ ਭੇਜਿਆ ਜਾਣ ਲੱਗਿਆ। ਪ੍ਰੰਤੂ ਆਂਗਣਵਾੜੀ ਯੂਨੀਅਨ ਆਪਣੇ ਸੰਰਘਸ਼ 'ਤੇ ਡਟੀ ਰਹੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ, ਮੁਲਾਜ਼ਮਾਂ ਨੂੰ ਉਚ ਅਧਿਕਾਰੀਆਂ ਨਾਲ ਮਿਲਾਉਣ ਦਾ ਵਾਸਤਾ ਪਾਉਂਦਾ ਰਿਹਾ, ਯੂਨੀਅਨ ਨੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਮੌਤ ਕਬੂਲ ਹੈ, ਪ੍ਰੰਤੂ ਕਿਸੇ ਕੈਬਨਿਟ ਮੰਤਰੀ ਤੋਂ ਬਿਨਾਂ ਕਿਸੇ ਨਾਲ ਗੱਲ ਨਹੀਂ ਕੀਤੀ ਜਾਵੇਗੀ।
ਇਸ ਤੋਂ ਬਾਅਦ ਪ੍ਰਸ਼ਾਸਨ ਨੇ ਲਗਾਤਾਰ ਸਰਕਾਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਜਾਬ ਦੇ ਪਸ਼ੂ ਪਾਲਣ/ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਧਰਨੇ ਵਾਲੀ ਥਾਂ ਤੇ ਪੁੱਜੇ ਅਤੇ ਆਂਗਣਵਾੜੀ ਵਰਕਰਾਂ ਪਾਸੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿਤਾ ਕਿ ਉਹ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਪਾਸ ਭੇਜਣਗੇ ਅਤੇ ਜਲਦੀ ਹੀ ਆਂਗਨਵਾੜੀ ਯੂਨੀਅਨ ਦੀ ਮੀਟਿੰਗ ਕਰਵਾਉਣਗੇ। ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰ ਫੈਡਰੇਸ਼ਲ ਦੀ ਕੁਲ ਹਿੰਦ ਪ੍ਰਧਾਨ ਊਸਾ ਰਾਣੀ ਨੇ ਬਲਬੀਰ ਸਿੰਘ ਸਿੱਧੂ ਦੇ ਭਰੋਸੇ ਮਗਰੋਂ ਯੂਨੀਅਨ ਵਲੋਂ ਆਪਣਾ ਸੰਘਰਸ ਮੁਲਤਵੀ ਕੀਤਾ ਗਿਆ।
ਜਾਣਕਾਰੀ ਅਨੁਸਾਰ ਇਕੱਲੇ ਸਿਵਲ ਹਸਪਤਾਲ ਮੋਹਾਲੀ ਵਿਚ 42 ਆਂਗਨਵਾੜੀ ਵਰਕਰਾਂ ਨੂੰ ਭਰਤੀ ਕੀਤਾ ਗਿਆ ਜਿਨ੍ਹਾਂ ਵਿਚੋਂ 1 ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ 16 ਵਿਚ ਰੈਫ਼ਰ ਕਰ ਦਿੱਤਾ ਗਿਆ। ਦੂਜੇ ਪਾਸੇ ਸਰਕਾਰੀ ਹਸਪਤਾਲ 'ਚ ਵੀ ਬੈਡਾਂ ਦੀ ਘਾਟ ਹੋਣ ਕਾਰਨ ਬਰਾਂਡੇ 'ਚ ਬੈੱਡ ਲਗਾਉਣੇ ਪਏ। ਜਿੱਥੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਇਲਾਜ ਸ਼ੁਰੂ ਕੀਤਾ ਗਿਆ।