ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਸਹਿਯੋਗ ਨਾਲ ਲੁੱਟਾਂ-ਖੋਹਾਂ ਕਰਨ ਵਾਲੇ

Police Giving Information To The Reporters

ਧੂਰੀ,  : ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਸਹਿਯੋਗ ਨਾਲ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਦੇ 2 ਮੈਂਬਰਾਂ ਨੂੰ ਰਿਵਾਲਵਰ ਅਤੇ ਲੁੱਟ-ਖੋਹ ਦੌਰਾਨ ਖੋਹੀ ਗਈ ਕਰੀਬ 1 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਦਫ਼ਤਰ ਧੂਰੀ ਵਿਖੇ ਰੱਖੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਹਰਮੀਤ ਸਿੰਘ ਹੁੰਦਲ ਐਸ.ਪੀ.(ਇੰਨ.) ਸੰਗਰੂਰ, ਡੀ.ਐਸ.ਪੀ. ਰੋਸ਼ਨ ਲਾਲ, ਐਸ.ਐਚ.ਓ. ਸਿਟੀ ਧੂਰੀ ਰਾਜੇਸ਼ ਸਨੇਹੀ ਅਤੇ ਵਿਜੈ ਕੁਮਾਰ ਦੀ ਹਾਜ਼ਰੀ ਵਿਚ ਹਰਮੀਤ ਹੁੰਦਲ ਨੇ ਦਸਿਆ ਕਿ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ

ਕਿ ਪਿੰਡ ਧਾਂਦਰਾ ਵਾਲੀ ਸਾਈਡ ਤੋਂ ਇਕ ਮੋਟਰਸਾਈਕਲ 'ਤੇ 2 ਮੋਨੇ ਵਿਅਕਤੀ ਧੂਰੀ ਵਲ ਆ ਰਹੇ ਹਨ, ਜਦੋਂ ਮੁਖ਼ਬਰੀ ਦੇ ਆਧਾਰ 'ਤੇ ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਅਤੇ ਸੀ. ਆਏ. ਏ. ਸਟਾਫ਼ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਨਾਕਾ ਲਗਾਇਆ ਤਾਂ ਮੋਟਰਸਾਈਕਲ ਉਪਰ ਆ ਰਹੇ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ। ਮੋਟਰਸਾਈਕਲ ਨੂੰ ਰਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਦੇ ਪਿੱਛੇ ਰਜਿੰਦਰ ਸਿੰਘ ਸਵਾਰ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਪੁਛਗਿਛ ਦੌਰਾਨ ਮੰਨਿਆ ਕਿ ਇਨ੍ਹਾਂ ਨੇ ਬੀਤੇ ਸਾਲ ਦਸੰਬਰ 2017 ਵਿਚ ਧੂਰੀ ਵਿਖੇ 1 ਲੱਖ ਰੁਪਏ ਦੀ ਖੋਹ ਕੀਤੀ ਸੀ ਜਿਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਪਹਿਲਾਂ ਹੀ ਮੁੱਕਦਮਾ ਨੰਬਰ 149 ਵੀ ਦਰਜ ਹੈ ਅਤੇ ਇਨ੍ਹਾਂ ਵਿਰੁਧ ਰਾਜਪੁਰਾ ਵਿਖੇ 3 ਲੱਖ ਰੁਪਏ ਦੀ ਖੋਹ ਦਾ ਮਾਮਲਾ ਵੀ ਦਰਜ ਹੈ। 
ਉਨ੍ਹਾਂ ਦਸਿਆ ਕਿ ਤਲਾਸ਼ੀ ਦੌਰਾਨ ਮੋਟਰਸਾਈਕਲ ਦੇ ਬੈਗ ਵਿਚੋਂ 25 ਨਸ਼ੀਲੀਆਂ ਸ਼ੀਸ਼ੀਆਂ ਅਤੇ ਰਾਜਿੰਦਰ ਸਿੰਘ ਪਾਸੋਂ ਇਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ ਧੂਰੀ ਵਿਖੇ ਖੋਹ ਕੀਤਾ 1 ਲੱਖ ਰੁਪਿਆ ਵੀ ਬਰਾਮਦ ਕੀਤਾ ਗਿਆ ਹੈ। ਹੁੰਦਲ ਨੇ ਦਸਿਆ ਕਿ ਫੜੇ ਗਏ

ਇਨ੍ਹਾਂ ਵਿਅਕਤੀਆਂ ਅਤੇ ਇਸ ਗਰੋਹ ਦੇ ਕੁੱਝ ਹੋਰ ਵਿਅਕਤੀਆਂ ਵਿਰੁਧ ਪੰਜਾਬ, ਦਿੱਲੀ, ਯੂ.ਪੀ. ਆਦਿ ਸੂਬਿਆਂ ਵਿੱਚ ਹੋਰ ਵੀ ਕਈ ਮਾਮਲੇ ਦਰਜ ਹਨ। ਇਹ ਵਿਅਕਤੀ ਬੈਂਕਾਂ ਦੇ ਆਲੇ-ਦੁਆਲੇ ਪੈਸੇ ਕਢਾਉਣ ਵਾਲੇ ਵਿਅਕਤੀਆਂ 'ਤੇ ਨਜ਼ਰ ਰੱਖਦੇ ਸਨ ਅਤੇ ਬਾਅਦ ਵਿਚ ਪੈਸੇ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦਸਿਆ ਕਿ ਫੜੇ ਗਏ ਦੋਸ਼ੀਆਂ ਵਿਰੁਧ ਥਾਣਾ ਸਿਟੀ ਧੂਰੀ ਵਿਖੇ ਅਸਲਾ ਅਤੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਿਸ ਰੀਮਾਂਡ ਲੈ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।