ਖੁਲ੍ਹੇ ਬੋਰਵੈੱਲ ਬਾਰੇ ਜਾਣਕਾਰੀ ਦਿਉ, 5000 ਰੁਪਏ ਇਨਾਮ ਪਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਮਹੀਨੇ ਪਿਛੋਂ ਹੋਵੇਗਾ ਜਨਤਾ ਲਈ ਇਸ਼ਤਿਹਾਰ ਜਾਰੀ

Reward for reporting abandoned unplugged borewells

ਚੰਡੀਗੜ੍ਹ : ਸੂਬੇ ਭਰ ਵਿਚ ਗ਼ੈਰ ਵਰਤੋਂ ਵਾਲੇ/ਖੁੱਲ੍ਹੇ ਪਏ ਬੋਰਵੈੱਲਾਂ ਨੂੰ ਤੁਰਤ ਬੰਦ ਕਰਨ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਕਦਮ ਚੁੱਕਣ ਲਈ ਪੱਤਰ ਜਾਰੀ ਕੀਤਾ ਗਿਆ ਤਾਂ ਜੋ ਵਿਭਿੰਨ ਖੇਤਰੀ ਵਿਭਾਗਾਂ ਦੀ ਸਹਾਇਤਾ ਨਾਲ ਸੂਬੇ ਵਿਚ ਸਾਰੇ ਖੁੱਲ੍ਹੇ ਪਏ ਬੋਰਵੈਲਾਂ ਨੂੰ ਭਰਿਆ ਜਾ ਸਕੇ। ਇਹ ਪ੍ਰਗਟਾਵਾ ਤੰਦਰੁਸਤ ਪੰਜਾਬ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਕੇ.ਐਸ.ਪੰਨੂੰ ਨੇ ਕੀਤਾ।

ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਕ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਲਈ ਸੁਝਾਅ ਦਿਤਾ ਹੈ ਤਾਂ ਜੋ ਕਿਸਾਨਾਂ ਨੂੰ ਖੁੱਲ੍ਹੇ ਪਏ ਬੋਰਵੈਲਜ਼ ਦੇ ਖ਼ਤਰਿਆਂ ਤੋਂ ਜਾਣੂ ਕਰਵਾਇਆ ਜਾਵੇ। ਇਸ ਸਬੰਧੀ ਪਿੰਡਾਂ ਵਿਚ ਘੋਸ਼ਣਾਵਾਂ ਕੀਤੀਆਂ ਜਾਣ ਅਤੇ ਖੇਤੀਬਾੜੀ ਵਿਭਾਗ ਵਲੋਂ ਖੇਤਰੀ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣ। ਇਸ ਤੋਂ ਇਲਾਵਾ ਉਪ ਡਵੀਜ਼ਨਲ ਮੈਜਿਸਟਰੇਟ ਅਤੇ ਸਬੰਧਤ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਮਿਲ ਕੇ ਅਪਣੇ ਖੇਤਰ ਦਾ ਦੌਰਾ ਕਰਨ ਅਤੇ ਇਸ ਮੁੱਦੇ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਅਪਣੇ ਅਧਿਕਾਰ ਖੇਤਰ ਵਿਚ ਸਾਰੇ ਬੋਰਵੈੱਲਾਂ ਨੂੰ ਢਕਣਾ ਯਕੀਨੀ ਬਣਾਉਣ।

ਨਗਰ ਨਿਗਮ ਸੰਸਥਾਵਾਂ ਦੇ ਕਾਰਜਕਾਰੀ ਅਧਿਕਾਰੀ/ਕਮਿਸ਼ਨਰ ਸਾਰੇ ਕਾਊਂਸਲਰਾਂ ਨਾਲ ਗੱਲਬਾਤ ਕਰਨ ਤਾਂ ਜੋ ਅੱਗੇ ਇਹ ਸਮੱਸਿਆ ਬਾਰੇ ਅਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ। ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਹ ਪ੍ਰਸਤਾਵ ਦਿਤਾ ਗਿਆ ਹੈ ਕਿ ਇਕ ਮਹੀਨੇ ਦੇ ਅੰਦਰ ਅੰਦਰ ਅਜਿਹੇ ਬੋਰਵੈੱਲ ਬੰਦ ਨਾ ਕਰਨ ਵਾਲੇ ਵਿਅਕਤੀ ਵਿਰੁਧ ਅਪਰਾਧਕ ਕਾਰਵਾਈ ਕੀਤੀ ਜਾਵੇ।

ਅਜਿਹੇ ਬੋਰਵੈੱਲਾਂ ਕਰ ਕੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ 'ਤੇ ਅਜਿਹੇ ਵਿਅਕਤੀ ਵਿਰੁਧ ਐਫ.ਆਈ.ਆਰ. ਦਰਜ ਕਰ ਕੇ ਭਾਰਤੀ ਦੰਡ ਨਿਯਮਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਜ਼ਮੀਨ ਦੇ ਮਾਲਕ ਨੂੰ ਜੁਰਮਾਨਾ ਵੀ ਲਗਾਇਆ ਜਾਵੇ। ਪੱਤਰ ਅਨੁਸਾਰ, ਇਕ ਮਹੀਨੇ ਦੀ ਮਿਆਦ ਪਿੱਛੋਂ ਮਿਸ਼ਨ ਤੰਦਰੁਸਤ ਪੰਜਾਬ ਇਕ ਇਸ਼ਤਿਹਾਰ ਦੇਵੇਗਾ ਜਿਸ ਵਿਚ ਆਮ ਜਨਤਾ ਨੂੰ ਛੱਡੇ ਹੋਏ/ ਖੁੱਲ੍ਹੇ ਪਏ ਬੋਰਵੈੱਲਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ ਜੋ ਅਜੇ ਤਕ ਬੰਦ ਨਹੀਂ ਕੀਤੇ ਗਏ ਹਨ। ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਵਲੋਂ ਦਿੱਤੀ ਜਾਣਕਾਰੀ ਨੂੰ ਤਸਦੀਕ ਕਰਨ ਪਿੱਛੋਂ 5000 ਰੁਪਏ ਦਾ ਇਨਾਮ ਦਿਤਾ ਜਾਵੇਗਾ।