ਸੂਬੇ 'ਚ 45 ਖੁੱਲ੍ਹੇ ਬੋਰਵੈੱਲ ਬੰਦ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਤਿਹਵੀਰ ਦੀ ਮੌਤ ਤੋਂ ਬਾਅਦ ਜਾਗੀ ਸਰਕਾਰ 

45 open borewells sealed

ਚੰਡੀਗੜ੍ਹ : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ ਫ਼ਤਿਹਵੀਰ ਨੇ ਸਰਕਾਰੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਸੂਮ ਬੱਚੇ ਦੀ ਮੌਤ ਤੋਂ ਸਬਕ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਸਾਰੇ ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਹੁਕਮਾਂ ਦੇ ਕੁਝ ਘੰਟਿਆਂ ਦੇ ਅੰਦਰ ਹੀ ਅਜਿਹੇ 45 ਬੋਰਵੈੱਲ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਭਵਿੱਖ ਵਿਚ ਦੁਖਦਾਇਕ ਘਟਨਾ ਨੂੰ ਮੁੜ ਵਾਪਰਨ ਨੂੰ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰਾਂ ਨੇ ਮੁੱਖ ਮੰਤਰੀ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿਚ ਬੋਰਵੈੱਲਾਂ ਦੀ ਸਥਿਤੀ ਬਾਰੇ ਰਿਪੋਰਟਾਂ ਸੌਂਪ ਦਿੱਤੀਆਂ ਹਨ। ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਪਾਸੋਂ ਖੁੱਲ੍ਹੇ ਬੋਰਵੈੱਲਾਂ ਬਾਰੇ ਵਿਸਥਾਰਤ ਰਿਪੋਰਟਾਂ ਦੇਣ ਅਤੇ ਇਨ੍ਹਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਸਨ। ਰਿਪੋਰਟਾਂ ਮੁਤਾਬਕ ਹੁਣ ਤਕ 45 ਖੁੱਲ੍ਹੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ 'ਚੋਂ 26 ਬੋਰਵੈੱਲ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਪਾਏ ਗਏ ਹਨ ਜਿਨ੍ਹਾਂ ਵਿਚੋਂ ਬੱਸੀ ਪਠਾਣਾ ਅਤੇ ਖੇੜਾ ਬਲਾਕਾਂ ਵਿਚ 13-13 ਖੁੱਲ੍ਹੇ ਬੋਰ ਸਨ।

ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿਚ 8 ਬੋਰਵੈੱਲ ਬੰਦ ਕੀਤੇ ਗਏ ਜਦਕਿ ਪਟਿਆਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਤਿੰਨ-ਤਿੰਨ, ਗੁਰਦਾਸਪੁਰ ਜ਼ਿਲ੍ਹੇ ਵਿਚ ਦੋ ਅਤੇ ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਇਕ-ਇਕ ਖੁੱਲ੍ਹੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ। ਰੋਪੜ ਜ਼ਿਲ੍ਹੇ 'ਚ ਜਿੱਥੇ 19 ਬੋਰਵੈੱਲ ਅਣਢਕੇ ਪਾਏ ਗਏ ਜਿਨ੍ਹਾਂ ਵਿਚੋਂ ਇਕ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਇਕ ਸਰਕਾਰੀ ਬੁਲਾਰੇ ਮੁਤਾਬਕ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਕੋਈ ਵੀ ਬੋਰਵੈੱਲ ਖੁੱਲ੍ਹਾ ਨਹੀਂ ਪਾਇਆ ਗਿਆ।