ਕਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਕੱਸੀ ਕਮਰ, ਨੀਤੀ ਵਿਚ ਕੀਤਾ ਵੱਡਾ ਬਦਲਾਅ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਘਰ ਨਿਗਰਾਨੀ ਤਹਿਤ ਹਰ ਘਰ 'ਤੇ ਨਜ਼ਰ ਰੱਖਣ ਦੀ ਤਿਆਰੀ

Capt Amrinder Singh

ਚੰਡੀਗੜ੍ਹ : ਰਾਜਨੀਤੀ ਦਿੱਲੀ ਸਮੇਤ ਦੇਸ਼ ਭਰ 'ਚ ਕਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੇ ਲੋਕਾਂ ਦੇ ਨਾਲ ਨਾਲ ਸਰਕਾਰਾਂ ਦੀ ਚਿੰਤਾ ਵਧਾ ਦਿਤੀ ਹੈ। ਖਾਸ ਕਰ ਕੇ ਪੰਜਾਬ ਅੰਦਰ ਜਿਸ ਹਿਸਾਬ ਨਾਲ ਕਰੋਨਾ ਪੀੜਤ ਮਰੀਜ਼ਾਂ ਅਤੇ ਮੌਤਾਂ ਦਾ ਅੰਕੜਾ ਰਫ਼ਤਾਰ ਫੜ ਰਿਹਾ ਹੈ, ਉਸ ਨੇ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਲੌਕਡਾਊਨ 'ਚ ਦਿਤੀ ਢਿੱਲ ਤੋਂ ਬਾਅਦ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਅਤੇ ਬਾਹਰੀ ਲੋਕਾਂ ਦੀ ਆਮਦ ਪੰਜਾਬ ਅੰਦਰ ਵਧੀ ਹੈ, ਉਸ ਨੇ ਇਸ ਖ਼ਤਰੇ ਨੂੰ ਹੋਰ ਵਧਾ ਦਿਤਾ ਹੈ।

ਇਸ ਖ਼ਤਰੇ ਨੂੰ ਭਾਂਪਦਿਆਂ ਸਰਕਾਰ ਨੇ ਵੀ ਅਪਣੀਆਂ ਸਰਗਰਮੀਆਂ ਵਧਾ ਦਿਤੀਆਂ ਹਨ। ਸਰਕਾਰ ਨੇ ਵੀਐਂਡ 'ਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਪੂਰਨ ਬੰਦ ਦੇ ਫ਼ੈਸਲੇ ਤੋਂ ਬਾਅਦ ਕਰੋਨਾ ਨਾਲ ਨਜਿੱਠਣ ਲਈ ਤੈਅ ਨੀਤੀ ਵਿਚ ਵੀ ਵੱਡੇ ਬਦਲਾਅ ਕਰਨ ਦਾ ਮੰਨ ਬਣਾ ਲਿਆ ਹੈ। ਸਰਕਾਰ ਵਲੋਂ ਨੀਤੀ ਬਦਲਣ ਦੇ ਲਏ ਗਏ ਨਵੇਂ ਫ਼ੈਸਲੇ ਮੁਤਾਬਕ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਹੁਣ ਹਸਪਤਾਲਾਂ ਦੀ ਥਾਂ ਉਨ੍ਹਾਂ ਦੇ ਘਰਾਂ ਅੰਦਰ ਹੀ 17 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਇਸ ਸਬੰਧੀ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਈਲਡ ਯਾਨੀ ਬਹੁਤ ਘੱਟ ਲੱਛਣਾਂ ਵਾਲੇ ਜਾਂ ਫਿਰ ਲੱਛਣ-ਵਿਹੂਣੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ 17 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ (ਆਰ.ਆਰ.ਟੀ.) ਟੀਮਾਂ ਪੀੜਤਾਂ ਦੇ ਘਰਾਂ ਦਾ ਪੂਰੀ ਤਰ੍ਹਾਂ ਮੁਆਇਨਾ ਕਰਨਗੀਆਂ।

ਇਹ ਟੀਮਾਂ ਇਕਾਂਤਵਾਸ ਵਾਲੇ ਘਰ ਅੰਦਰ ਬਾਥਰੂਮ ਅਟੈਂਚ ਵਾਲੇ ਵੱਖਰੇ ਕਮਰੇ ਤੋਂ ਇਲਾਵਾ ਮਰੀਜ਼ ਲਈ ਘਰ 'ਚ ਕੇਅਰ ਟੇਕਰ ਦੀ ਮੌਜੂਦਗੀ ਦਾ ਪਤਾ ਲਵੇਗਾ। ਸਿਵਲ ਸਰਜਨ ਮੁਤਾਬਕ  ਹਸਪਤਾਲਾਂ ਵਿਚ ਕੇਵਲ ਸਿੰਪਟੋਮੈਟਿਕ ਯਾਨੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਹੀ ਦਾਖ਼ਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੇ ਸਮਾਜਿਕ ਫੈਲਾਅ ਨੂੰ ਠੱਲ੍ਹਣ ਲਈ ਵੀ ਕਮਰਕੱਸ ਲਈ ਹੈ।

ਇਸ ਮਕਸਦ ਲਈ ਸਰਕਾਰ ਨੇ 'ਘਰ ਘਰ ਨਿਗਰਾਨੀ' ਮੋਬਾਈਲ ਐਪ ਜਾਰੀ ਕੀਤਾ ਹੈ। ਇਸ ਐਪ ਜ਼ਰੀਏ ਸਰਕਾਰ ਕਰੋਨਾ ਦੇ ਖ਼ਾਤਮੇ ਤਕ ਸੂਬੇ ਦੇ ਹਰ ਘਰ 'ਤੇ ਨਜ਼ਰ ਰੱਖੇਗੀ। ਵੀਡੀਓ ਕਾਨਫ਼ਰੰਸ ਰਾਹੀਂ ਐਪ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਸਿਹਤ ਵਿਭਾਗ ਦਾ ਇਹ ਉਪਰਾਲਾ ਕਰੋਨਾ ਵਾਇਰਸ ਦੀ ਜਲਦੀ ਸਨਾਖ਼ਤ ਅਤੇ ਟੈਸਟਿੰਗ 'ਚ ਮੱਦਦਗਾਰ ਸਾਬਤ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ