ਗੁਰੂ ਸਿਧਾਂਤ ਅਨੁਸਾਰ ਮਜ਼ਲੂਮ ਮੁਸਲਮਾਨਾਂ ਦੇ ਹੱਕ ਵਿਚ ਆਵਾਜ਼ ਉਠਾਉਣ ਪੰਥਕ ਜਥੇਬੰਦੀਆਂ- ਕੇਂਦਰੀ ਸਿੰਘ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਮੁਸਲਮਾਨ ਭਾਈਚਾਰੇ ਦੇ ਘਰਾਂ ਨੂੰ ਢਾਹੁਣ ਵਾਲਾ ਮੱਧਯੁੱਗੀ ਅੱਤਿਆਚਾਰ ਬੰਦ ਕਰੋ

Kendri Singh Sabha

 

ਚੰਡੀਗੜ੍ਹ: ਪੈਗ਼ੰਬਰ ਹਜ਼ਰਤ ਮਹੁੰਮਦ ਵਿਰੁੱਧ ਭਾਜਪਾ ਦੇ ਲੀਡਰਾਂ ਵੱਲੋਂ ਬੋਲੇ ਇਤਰਾਜ਼ਯੋਗ ਸ਼ਬਦਾਂ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲੇ ਮੁਸਲਮਾਨ ਭਾਈਚਾਰੇ ਦੇ ਘਰਾਂ ਨੂੰ ਸਰਕਾਰ ਵੱਲੋਂ ਬੁਲਡੋਜ਼ਰ ਨਾਲ ਢਾਹ ਦੇਣਾ ਮੱਧਯੁੱਗ ਅਤਿਆਚਾਰ ਦਾ ਨਮੂਨਾ ਹੈ। ਕੇਂਦਰੀ ਸਿੰਘ ਸਭਾ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।  ਸਾਂਝਾ ਬਿਆਨ ਜਾਰੀ ਕਰਦਿਆਂ ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਮੱਧਯੁੱਗ ਤਰਜ਼ ਉੱਤੇ ਜ਼ਬਰੀ ਬੁਲਡੋਜ਼ਰ ਨਾਲ ਘਰ ਢਾਹੁਣਾ ਅਤੇ ਉਸ ਨੂੰ ਟੀ.ਵੀ ਅਤੇ ਮੀਡੀਆ ਰਾਹੀਂ ਜਨਤਕ ਕਰਨਾ ਭਾਰਤ ਦੇ ਜਮਹੂਰੀ ਵਿਵਸਥਾ ਨੂੰ ਛਿੱਕੇ ਟੰਗ ਕੇ ਘੱਟ ਗਿਣਤੀਆਂ ਉੱਤੇ ਦਹਿਸ਼ਤ ਪਾਉਣ ਦਾ ਫਾਂਸੀਵਾਦ ਢੰਗ ਤਰੀਕਾ ਹੈ।

Kendri Singh Sabha

ਮੱਧ ਪ੍ਰਦੇਸ਼ ਅਤੇ ਅਸਾਮ ਵਿਚ ਮੁਸਲਮਾਨਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਰਾਹੀਂ ਤੋੜ੍ਹਨ ਤੋਂ ਬਾਅਦ, ਹੁਣ ਉੱਤਰ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿਚ ਘਰਾਂ ਨੂੰ ਤੋੜ੍ਹਨ ਦੀ ਦਹਿਸ਼ਤ ਸੂਬਾ ਸਰਕਾਰ ਫੈਲਾ ਰਹੀ ਹੈ। ਮੁਸਲਮਾਨਾਂ ਵੱਲੋਂ ਰੋਸ ਮੁਜ਼ਾਹਰੇ ਕਰਨ ਸਮੇਂ ਹੋਈਆਂ ਹਿੰਸਕ ਫਿਰਕਾਪ੍ਰਸਤੀ ਦੀ ਘਟਨਾਵਾਂ ਵਿਚ ਵੀ ਜ਼ਿਆਦਾ ਮੁਸਲਮਾਨ ਹੀ ਫੜੇ ਗਏ ਹਨ। ਇਸ ਤੋਂ ਇਲਾਵਾ ਫੜੇ ਗਏ ਮੁਸਲਮਾਨਾਂ ਉੱਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਅਤੇ ਉਸ ਕੁੱਟ-ਮਾਰ ਦੀਆਂ ਵੀਡੀਓਜ਼ ਵੀ ਸ਼ੋਸ਼ਲ ਮੀਡੀਆ ਉੱਤੇ ਜਨਤਕ ਹੋ ਰਹੀਆਂ ਹਨ।

ਇਸ ਸਾਂਝੇ ਬਿਆਨ ਸਿੰਘ ਸਭਾ ਨੇ ਕਿਹਾ ਕਿ ਜਿਵੇਂ ਮੁਸਲਮਾਨ ਭਾਈਚਾਰੇ ਨੂੰ ਅਲਗ ਥਲੱਗ ਕਰਕੇ, ਤਸ਼ੱਦਦ ਅਤੇ ਦਹਿਸ਼ਤ ਦਾ ਨਿਸ਼ਾਨਾ ਬਣਾਏ ਜਾਣ ਦੀ ਤਰਜ਼ ਉੱਤੇ ਸਿੱਖ ਸਮਾਜ ਨੇ ਵੀ 1980ਵੇਂ ਵਿਚ ਸਰਕਾਰੀ ਦਹਿਸ਼ਤ ਨੂੰ ਝੱਲਿਆ ਹੈ। ਸਿੱਖਾਂ ਉੱਤੇ ਧੱਕੇਸ਼ਾਹੀ ਕਰਕੇ, ਇੰਦਰਾਂ ਗਾਂਧੀ ਨੇ ਹਿੰਦੂ ਸਮਾਜ ਅੰਦਰ ਆਪਣੀ “ਵੋਟ ਬੈਂਕ” ਤਿਆਰ ਕਰਨ ਦੇ ਅਮਲ ਵਿਚ ਭਾਰਤੀ ਲੋਕਤੰਤਰ ਨੂੰ ਹਿੰਦੂ ਬਹੁ-ਗਿਣਤੀ ਤੰਤਰ ਬਣਾ ਦਿੱਤਾ। ਮੋਦੀ ਸਰਕਾਰ ਹੁਣ ਬਹੁਗਿਣਤੀ ਤੰਤਰ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ ਮੁਸਲਮਾਨ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਰਹੀ ਹੈ।

Kendri Singh Sabha

ਉਹਨਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਿਧਾਂਤ ਅਨੁਸਾਰ ਉਹ ਮਜ਼ਲੂਮ ਮੁਸਲਮਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣ। ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਵੀ ਧਾਰਮਿਕ ਆਜ਼ਾਦੀ ਲਈ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਸੀ। ਅਸੀਂ ਬਹੁਗਿਣਤੀ ਹਿੰਦੂ ਸਮਾਜ ਦੇ ਜਮਹੂਰੀਅਤ/ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਮਹੂਰੀਅਤ ਲਈ ਉਹ ਵੀ ਮੁਸਲਮਾਨਾਂ ਦੇ ਹੱਕ ਵਿਚ ਤਣ ਜਾਣ।

ਇਸ ਸਾਂਝੇ ਬਿਆਨ ਵਿਚ ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਚੇਤਨ ਸਿੰਘ (ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ), ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ, ਸਵਰਨ ਸਿੰਘ (ਆਈ.ਏ.ਐੱਸ), ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ।