'ਆਪ' ਦੀ ਮੀਟਿੰਗ 'ਚ ਕੇਜਰੀਵਾਲ ਤੇ ਖਹਿਰਾ ਸਮਰਥਕ ਉਲਝੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਕੀਤੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ...............

Aam Aadmi Party Workers During Meeting

ਬਠਿੰਡਾ : ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਕੀਤੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦ ਖਹਿਰਾ ਸਮਰਥਕਾਂ ਨੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਇਸ ਦੌਰਾਨ ਦੋਨਾਂ ਧਿਰਾਂ ਵਲੋਂ ਇਕ-ਦੂਜੇ ਦੇ ਵਿਰੁਧ ਜਬਰਦਸਤ ਨਾਹਰੇਬਾਜ਼ੀ ਕੀਤੀ ਗਈ।  ਸੂਚਨਾ ਮੁਤਾਬਕ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਪਾਰਟੀ ਅਹੁੱਦੇਦਾਰਾਂ ਦੀ ਇਕ ਮੀਟਿੰਗ ਰੱਖੀ ਸੀ। ਮੀਟਿੰਗ ਦਾ ਮੁੱਖ ਮਕਸਦ ਮੌਜੂਦਾ ਸਮੇਂ ਪਾਰਟੀ ਅੰਦਰ ਚੱਲ ਰਹੇ ਹਾਲਾਤਾਂ ਬਾਰੇ ਵਿਚਾਰਾਂ ਕੀਤੀਆਂ।

ਉਜ ਮੀਟਿੰਗ ਦਾ ਮੁੱਖ ਏਜੰਡਾ ਕੇਜਰੀਵਾਲ ਧੜੇ ਨੂੰ ਮਜ਼ਬੂਤ ਕਰਨਾ ਹੀ ਸੀ। ਸੂਚਨਾ ਮੁਤਾਬਕ ਮੀਟਿੰਗ ਖ਼ਤਮ ਸਮੇਂ ਉਥੇ ਹਾਜ਼ਰ ਆਪ ਦੀ ਵਲੰਟੀਅਰ ਰੁਪਿੰਦਰ ਕੌਰ ਵਲੋਂ ਬੋਲਣ ਨਾ ਦੇਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿਤੇ। ਇਸ ਮੌਕੇ ਉਥੇ ਹਾਜ਼ਰ ਭੁੱਚੋਂ ਹਲਕੇ ਦੇ ਸਾਬਕਾ ਪ੍ਰਧਾਨ ਗੁਰਾਪਲ ਸਿੰਘ ਤੇ ਇਕ ਹੋਰ ਵਲੰਟੀਅਰ ਸਰਬਜੀਤ ਸਿੰਘ ਆਦਿ ਨੇ ਵੀ ਉਸਦੇ ਹੱਕ ਵਿਚ ਉਠ ਖਲੋਤੇ। ਦੂਜੇ ਪਾਸੇ ਕੁੱਝ ਸਮਾਂ ਪਹਿਲਾਂ ਮਾਲਵਾ ਜੋਨ ਦੀ ਪ੍ਰਧਾਨਗੀ ਤੋਂ ਉਤਾਰ ਕੇ ਵਪਾਰ ਮੰਡਲ ਦੇ ਪ੍ਰਧਾਨ ਬਣਾਏ ਗਏ ਅਨਿਲ ਠਾਕੁਰ ਤੇ ਸ਼ਹਿਰੀ ਆਗੂ ਮਹਿੰਦਰ ਸਿੰਘ ਫ਼ੂਲੋਮਿੰਠੀ ਵਲੋਂ ਰੁਪਿੰਦਰ ਕੌਰ ਤੇ ਦੂਜੇ ਵਲੰਟੀਅਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ।

ਇਸ ਦੌਰਾਨ ਮਾਮਲਾ ਪੂਰਾ ਵਧ ਗਿਆ ਤੇ ਇੱਕ ਧੜੇ ਨੇ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਤੇ ਦੂਜੇ ਧੜੇ ਨੇ ਕੇਜਰੀਵਾਲ ਜ਼ਿੰਦਾਬਾਦ ਦੇ ਨਾਅਰੇ ਲਾਊਣੇ ਸ਼ੁਰੂ ਕਰ ਦਿਤੇ। ਜਿਸ ਕਾਰਨ ਮਾਹੌਲ ਤਨਾਅਪੂਰਨ ਹੋ ਗਿਆ।  ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਈ ਵਾਰ ਵਰਕਰਾਂ ਵਿਚਕਾਰ ਤਕਰਾਰ ਹੋ ਜਾਂਦੀ ਹੈ ।

ਇਨ੍ਹਾਂ ਮੰਨਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਵੀ ਪਾਰਟੀ 'ਚ ਵਧਦੇ ਵਿਵਾਦ ਨੂੰ ਰੋਕ ਕੇ ਇਸਨੂੰ ਮੁੜ ਬੁਲੰਦੀਆਂ ਵੱਲ ਲਿਜਾਣ ਦਾ ਹੀ ਸੀ। ਜੀਦਾ ਨੇ ਕਿਹਾ ਕਿ ਵਲੰਟੀਅਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਸੀ ਤੇ ਅੱਜ ਵੀ ਸਾਰੇ ਪਾਰਟੀ ਦੀ ਸੋਚ ਨਾਲ ਖੜੇ ਹਾਂ । ਉਹਨਾਂ ਕਿਹਾ ਕਿ ਕੁੱਝ ਲੋਕ ਚਾਹੁੰਦੇ ਹਨ ਕਿ ਪਾਰਟੀ ਇਕਜੁੱਟ ਨਾ ਹੋਵੇ।