ਪੀੜਤ ਪਰਵਾਰ ਨੂੰ 10 ਲੱਖ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗਾ: ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਬੀਤੀ ਦੇਰ ਸ਼ਾਮ ਧਾਰੀਵਾਲ ਖੇਤਰ ਦੇ ਇਕ ਪਿੰਡ ਵਿਖੇ, ਜਿਥੇ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ.............

Sukhpal Singh Khaira

ਗੁਰਦਾਸਪੁਰ : ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਬੀਤੀ ਦੇਰ ਸ਼ਾਮ ਧਾਰੀਵਾਲ ਖੇਤਰ ਦੇ ਇਕ ਪਿੰਡ ਵਿਖੇ, ਜਿਥੇ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਬਾਅਦ ਹੱਤਿਆ ਕੀਤੀ ਗਈ ਸੀ, ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਖਹਿਰਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਇਸ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਦੋਸ਼ੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਪੀੜਤ ਪਰਿਵਾਰ ਨੂੰ ਯਕੀਨ ਦਿਵਾਇਆ ਕਿ ਉਹ ਜਲਦ ਹੀ ਪੰਜਾਬ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ 'ਚ ਦਿੱਲੀ ਵਾਲੀ 'ਆਪ' ਲੀਡਰਸ਼ਿਪ ਵਲੋਂ ਗਠਿਤ ਕੀਤੇ ਢਾਂਚੇ ਨੂੰ ਪੰਜਾਬ ਦੇ ਆਪ ਵਲੰਟੀਅਰ ਅਤੇ ਆਗੂ ਪੂਰੀ ਤਰ੍ਹਾਂ ਨਾਕਾਰ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਇਕਾਈ ਦਾ ਗਠਨ ਜ਼ਿਲਾ ਪੱਧਰੀ ਮੀਟਿੰਗਾਂ ਤੋਂ ਬਾਅਦ ਅਪਣੇ ਜੁਝਾਰੂ ਵਲੰਟੀਅਰਾਂ ਦੀ ਸਲਾਹ ਨਾਲ ਤਹਿਸੀਲ ਪੱਧਰ, ਬਲਾਕ ਪੱਧਰ ਅਤੇ ਜ਼ੋਨ ਪੱਧਰ 'ਤੇ ਕੀਤਾ ਜਾਵੇਗਾ। ਪੰਜਾਬ ਦੇ ਆਪ ਵਰਕਰ ਅਤੇ ਪੰਜਾਬੀਆਂ ਦੇ ਹਿੱਤ ਦੀ ਗੱਲ ਕਰਨ ਵਾਲੀ ਧਿਰ ਨਾਲ ਖੜ੍ਹੇ ਹੋਣਗੇ।

ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਧੜਿਆਂ ਨਾਲ ਸਿਆਸੀ ਗਠਜੋੜ  ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੇਵਲ ਪੰਜਾਬ ਦਾ ਭਲਾ ਸੋਚਣ ਵਾਲੀ ਹਰ ਧਿਰ ਨਾਲ ਸਿਆਸੀ ਭਾਈਵਾਲੀ ਕਰਨ ਬਾਰੇ ਪਾਰਟੀ ਸੋਚ ਸਕਦੀ ਹੈ। ਗੁਰਦਾਸਪੁਰ 'ਚ 25 ਅਗਸਤ ਨੂੰ ਜ਼ਿਲਾ ਪੱਧਰੀ ਮੀਟਿੰਗ ਰੱਖੀ ਗਈ ਹੈ, ਜੋ ਮਾਝੇ 'ਚ ਵੀ 'ਆਪ' ਦੇ ਖੁੱਸੇ ਵਕਾਰ ਨੂੰ ਮੁੜ ਬਹਾਲ ਕਰਨ ਦਾ ਸੁਹਿਰਦ ਯਤਨ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰਤਾਪ ਸਿੰਘ ਖੁਸ਼ਾਹਲਪੁਰ, ਰਜਵੰਤ ਸਿੰਘ ਅਲੀਸ਼ੇਰ, ਸੁਖਦੇਵ ਸਿੰਘ, ਨਵਜੋਤ ਕਾਹਲੋਂ ਜਸਵਿੰਦਰ ਸਿੰਘ, ਦਿਲਬਾਗ ਸਿੰਘ ਵੀ ਸਨ।