ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕਾਂ ਅਤੇ ਕਲਾਕਾਰਾਂ ਨੂੰ ਨੱਥ ਪਾਏਗੀ ਪੰਜਾਬ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਕਲਾਕਾਰ ਫ਼ਿਲਮਾਂ ਅਤੇ ਗੀਤਾਂ ਰਾਹੀਂ ਪੰਜਾਬ ਦੀ ਚੰਗੀ ਤਸਵੀਰ ਪੇਸ਼ ਕਰ ਕੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ : ਚੰਨੀ

Punjab Government to bring law soon for action against artists promoting drugs: Channi

ਚੰਡੀਗੜ੍ਹ : ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਿਲਮਾਂ ਅਤੇ ਗੀਤਾਂ ਰਾਹੀਂ ਪਾਬੰਦੀਸ਼ੁਦਾ ਨਸ਼ਿਆਂ ਨੂੰ ਉਤਸ਼ਾਹਿਤ ਨਾ ਕਰਨ। ਪੰਜਾਬ ਸਰਕਾਰ ਇਸ ਨੂੰ ਠੱਲ ਪਾਉਣ ਲਈ ਛੇਤੀ ਹੀ ਸਖ਼ਤ ਕਾਨੂੰਨ ਵੀ ਲੈ ਕੇ ਆ ਰਹੀ ਹੈ। ਅੱਜ ਉੱਘੇ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਵਿਸੇਸ਼ ਤੌਰ 'ਤੇ ਸਭਿਆਚਾਰਕ ਮਾਮਲਿਆਂ ਮੰਤਰੀ ਨਾਲ ਇਸ ਗੰਭੀਰ ਮਾਮਲੇ ਨੂੰ ਵਿਚਾਰਨ ਲਈ ਮੁਲਾਕਾਤ ਕਰਨ ਪਹੁੰਚੇ, ਜਿੰਨਾਂ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ।

ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚੰਨੀ ਨੇ ਇਸ ਮੌਕੇ ਨਸ਼ਿਆਂ ਦੀ ਦਲਦਲ ਵਿਚ ਧਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਰੇ ਚਿੰਤਾ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਪੰਜਾਬੀ ਕਲਾਕਾਰਾਂ ਨੇ ਫ਼ਿਲਮਾਂ ਅਤੇ ਗੀਤਾਂ ਰਾਹੀਂ ਬਹੁਤ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਵੱਡਾ ਕਾਰਨ ਹੈ ਕਿ ਨੌਜਵਾਨ ਪੀੜ੍ਹੀ ਜੋ ਇਨ੍ਹਾਂ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ, ਇਨ੍ਹਾਂ ਦੇ ਗੀਤ ਅਤੇ ਫ਼ਿਲਮਾਂ ਦੇਖ ਕੇ ਨਸ਼ਿਆਂ ਵੱਲ ਬਹੁਤ ਜਲਦ ਅਕ੍ਰਸ਼ਿਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਹ ਹੋਰ ਵੀ ਜਰੂਰੀ ਹੈ ਕਿ ਪੰਜਾਬੀ ਕਲਾਕਾਰ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਕੰਮਾ ਵੱਲ ਉਤਸ਼ਾਹਿਤ ਨਾ ਕਰਨ।

ਚੰਨੀ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀ ਸਭਿਆਚਾਰ ਦੀ ਅਸਲ ਵਧੀਆ ਤਸਵੀਰ ਦੁਨੀਆਂ ਭਰ ਦੇ ਲੋਕਾਂ ਅੱਗੇ ਪੇਸ਼ ਕਰਨ, ਜਿਸ ਨਾਲ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਹੋਰ ਉਭਰੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਜੇ ਕਲਾਕਾਰ ਫ਼ਿਲਮਾਂ ਅਤੇ ਗੀਤਾਂ ਰਾਹੀਂ ਪੰਜਾਬ ਦੀ ਚੰਗੀ ਤਸਵੀਰ ਪੇਸ਼ ਕਰਨਗੇ ਇਸ ਨਾਲ ਸੈਰ ਸਪਾਟਾ ਵੀ ਉਤਸ਼ਾਹਿਤ ਹੋਵੇਗਾ।

ਇਸ ਮੌਕੇ ਪੰਮੀ ਬਾਈ ਨੇ ਕਿਹਾ ਕਿ ਪੰਜਾਬੀ ਗਾਇਕੀ ਰਾਹੀਂ ਫ਼ੈਲਾਏ ਜਾ ਰਹੇ ਸਭਿਆਚਾਰ ਨੂੰ ਦੂਰ ਕਰਨ ਲਈ ਸਖਤ ਕਦਮ ਉਠਾਏ ਜਾਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਜੇਕਰ ਪੰਜਾਬ ਸਰਕਾਰ ਪੰਜਾਬੀ ਗੀਤਾਂ ਅਤੇ ਫਿਲਮਾਂ ਰਾਹੀਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਖਿਲਾਫ ਸਖਤ ਕਦਮ ਉਠਾਉਂਦੀ ਹੈ ਤਾਂ ਉਸ ਦੀ ਉਹ ਪੂਰਨ ਹਮਾਇਤ ਕਰਦੇ ਹਨ। ਇਸ ਮੌਕੇ ਪੰਮੀ ਬਾਈ ਨੇ ਪੰਜਾਬੀ ਸਭਿਆਚਾਰ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਵਿਰੁੱਧ ਲੋਕ ਲਹਿਰ ਖੜੀ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲੇ ਕਲਾਕਾਰਾਂ ਦਾ ਸਮਾਜਕ ਬਾਈਕਾਟ ਕੀਤਾ ਜਾਵੇ।