ਭਾਰਤ ਤੋਂ ਇਲਾਵਾ 5 ਹੋਰ ਦੇਸ਼ ਹਨ, ਜੋ 15 ਅਗੱਸਤ ਨੂੰ ਮਨਾਉਂਦੇ ਹਨ ਅਪਣਾ 'ਆਜ਼ਾਦੀ ਦਿਹਾੜਾ'!

ਏਜੰਸੀ

ਖ਼ਬਰਾਂ, ਪੰਜਾਬ

ਉੱਤਰ ਕੋਰੀਆ, ਦੱਖਣੀ ਕੋਰੀਆ, ਕਾਂਗੋ, ਬਹਿਰੀਨ ਅਤੇ ਲਿਕਟੇਂਸਟੀਨ ਨੂੰ ਵੀ ਇਸੇ ਦਿਨ ਮਿਲੀ ਸੀ ਆਜ਼ਾਦੀ

Independence Day

ਚੰਡੀਗੜ੍ਹ :  ਸਾਡੇ ਦੇਸ਼ ਅੰਦਰ 74ਵਾਂ ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 15 ਅਗੱਸਤ 2020 ਨੂੰ ਦੇਸ਼ ਦੇ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਨੂੰ 73 ਵਰ੍ਹੇ ਪੂਰੇ ਹੋ ਚੁੱਕੇ ਹੋਣਗੇ। ਇਹ ਦਿਹਾੜਾ ਆਏ ਸਾਲ ਬੜੇ ਉਤਸ਼ਾਹ ਤੇ ਹੁਲਾਸ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆਂ ਦੇ ਬਾਕੀ ਦੇਸ਼ ਵੀ ਅਪਣੇ ਆਜ਼ਾਦੀ ਦਿਹਾੜਿਆਂ ਨੂੰ ਮਨਾਉਂਦੇ ਹਨ।

ਪਰ ਕੀ ਅਗੱਸਤ ਮਹੀਨੇ ਦੀ 15 ਤਰੀਕ ਨੂੰ ਸਿਰਫ਼ ਸਾਡਾ ਦੇਸ਼ ਹੀ ਆਜ਼ਾਦੀ ਦਿਹਾੜਾ ਮਨਾ ਰਿਹਾ ਹੋਵੇਗਾ ਜਾਂ ਕੋਈ ਹੋਰ ਦੇਸ਼ ਵੀ ਹੈ  ਜੋ 15 ਅਗੱਸਤ ਵਾਲੇ ਦਿਨ ਆਜ਼ਾਦੀ ਦਿਹਾੜਾ ਮਨਾਉਂਦਾ ਹੈ। ਇਸ ਦਾ ਜਵਾਬ ਹਾਂ ਵਿਚ ਹੈ, ਕਿਉਂਕਿ ਸਾਡੇ ਭਾਰਤ ਤੋਂ ਇਲਾਵਾ ਦੁਨੀਆਂ ਭਰ ਅੰਦਰ 5 ਹੋਰ ਅਜਿਹੇ ਦੇਸ਼ ਹਨ ਜੋ 15 ਅਗੱਸਤ ਨੂੰ ਹੀ ਅਪਣਾ-ਅਪਣਾ ਆਜ਼ਾਦੀ ਦਿਹਾੜਾ ਮਨਾਉਂਦੇ ਹਨ। ਇਨ੍ਹਾਂ ਦੇਸ਼ਾਂ ਨੂੰ ਵੀ ਭਾਰਤ ਵਾਂਗ 15 ਅਗੱਸਤ ਵਾਲੇ ਦਿਨ ਆਜ਼ਾਦੀ ਨਸੀਬ ਹੋਈ ਸੀ। ਇਨ੍ਹਾਂ ਪੰਜ ਦੇਸ਼ਾਂ 'ਚ ਉੱਤਰ ਕੋਰੀਆ, ਦੱਖਣੀ ਕੋਰੀਆ, ਕਾਂਗੋ, ਬਹਿਰੀਨ ਅਤੇ ਲਿਕਟੇਂਸਟੀਨ ਸ਼ਾਮਲ ਹਨ।

ਸਾਊਥ ਕੋਰੀਆ ਨੇ 15 ਅਗੱਸਤ 1945 ਨੂੰ ਜਾਪਾਨ ਤੋਂ ਆਜ਼ਾਦੀ ਹਾਸਲ ਕੀਤੀ ਸੀ।  ਯੂਐਸ ਅਤੇ ਸੋਵੀਅਤ  ਫ਼ੌਜਾਂ ਨੇ ਕੋਰੀਆ ਨੂੰ ਜਾਪਾਨ  ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਇਆ ਸੀ। ਇਸ ਦਿਨ ਨੂੰ ਸਾਊਥ ਕੋਰੀਆ ਦੇ ਲੋਕ ਨੈਸ਼ਨਲ ਹਾਲੀਡੇ ਵਜੋਂ ਮਨਾਉਂਦੇ ਹਨ।

ਸਾਊਥ ਕੋਰੀਆ ਦੀ ਤਰ੍ਹਾਂ ਹੀ ਨਾਰਥ ਕੋਰੀਆ ਵੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਤੌਰ 'ਤੇ ਮਨਉਂਦਾ ਹੈ। ਦੋਵੇਂ ਦੇਸ਼ ਜੋ ਕਿਸੇ ਸਮੇਂ ਇਕ ਹੀ ਦੇਸ਼ ਹੁੰਦੇ ਸਨ, 15 ਅਗੱਸਤ 1945 ਨੂੰ ਜਾਪਾਨ  ਦੇ ਕਬਜ਼ੇ ਵਿਚੋਂ ਅਜ਼ਾਦ ਹੋਏ ਸਨ। ਨਾਰਥ ਕੋਰੀਆ 15 ਅਗੱਸਤ ਨੂੰ ਨੈਸ਼ਨਲ ਹਾਲੀਡੇ ਦੇ ਤੌਰ 'ਤੇ ਮਨਉਂਦਾ ਹੈ। ਛੁੱਟੀ ਦਾ ਦਿਨ ਹੋਣ ਕਾਰਨ ਇਸ ਦਿਨ ਇੱਥੇ ਵਿਆਹ ਕਰਨ ਦੀ ਪਰੰਪਰਾ ਚੱਲ ਪਈ ਹੈ।

15 ਅਗਸਤ ਨੂੰ ਹੀ ਬਹਿਰੀਨ ਨੇ ਆਜ਼ਾਦੀ ਹਾਸਲ ਕੀਤੀ ਸੀ। 15 ਅਗਸਤ 1971 ਨੂੰ ਬਹਿਰੀਨ ਨੇ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਹਾਲਾਂਕਿ ਬ੍ਰਿਟਿਸ਼ ਫ਼ੌਜਾਂ 1960  ਦੇ ਦਹਾਕੇ ਤੋਂ ਹੀ ਬਹਿਰੀਨ ਨੂੰ ਛੱਡਣ ਲੱਗੀਆਂ ਸਨ, ਪਰ 15 ਅਗੱਸਤ ਨੂੰ ਬਹਿਰੀਨ ਅਤੇ ਬ੍ਰਿਟੇਨ ਵਿਚਾਲੇ ਇਕ ਟਰੀਟੀ ਹੋਈ ਸੀ,  ਜਿਸ ਤੋਂ ਬਾਅਦ ਬਹਿਰੀਨ ਨੇ ਆਜ਼ਾਦ ਦੇਸ਼  ਦੇ ਤੌਰ 'ਤੇ ਬ੍ਰਿਟੇਨ ਦੇ ਨਾਲ ਆਪਣੇ ਸਬੰਧ ਰੱਖੇ। ਹਾਲਾਂਕਿ ਬਹਿਰੀਨ ਆਪਣਾ ਨੈਸ਼ਨਲ ਹਾਲੀਡੇ 16 ਦਸੰਬਰ ਨੂੰ ਮਨਉਂਦਾ ਹੈ।  ਇਸ ਦਿਨ ਬਹਿਰੀਨ ਦੇ ਸ਼ਾਸਕ ਇਸਾ ਬਿਨ ਸਲਮਾਨ ਅਲ ਖਲੀਫਾ ਨੇ ਬਹਿਰੀਨ ਦੀ ਗੱਦੀ ਹਾਸਲ ਕੀਤੀ ਸੀ।

ਕਾਂਗੋ ਨੇ 15 ਅਗੱਸਤ ਨੂੰ ਆਜ਼ਾਦੀ ਹਾਸਲ ਕੀਤੀ ਸੀ। 15 ਅਗੱਸਤ 1960 ਨੂੰ ਅਫਰੀਕਾ ਦਾ ਇਹ ਦੇਸ਼ ਫ਼ਰਾਂਸ  ਤੋਂ ਆਜ਼ਾਦ ਹੋਇਆ ਸੀ। ਉਸ ਤੋਂ ਬਾਅਦ ਇਹ ਰਿਪਬਲਿਕ ਆਫ ਕਾਂਗੋ ਬਣ ਗਿਆ। 1880 ਤੋਂ ਕਾਂਗੋ 'ਤੇ ਫ਼ਰਾਂਸ ਦਾ ਕਬਜ਼ਾ ਸੀ। ਇਸ ਨੂੰ ਫਰੇਂਚ ਕਾਂਗੋ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸ ਤੋਂ ਬਾਅਦ 1903 ਵਿਚ ਇਹ ਮਿਡਲ ਕਾਂਗੋ ਬਣ ਗਿਆ। ਲਿਕਟੇਂਸਟੀਨ ਨੇ 15 ਅਗੱਸਤ 1866 ਨੂੰ ਜਰਮਨੀ ਤੋਂ ਆਜ਼ਾਦੀ ਹਾਸਲ ਕੀਤੀ ਸੀ। 1940 ਤੋਂ ਇਹ 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਜੋਂ ਮਨਾ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ ਵਿਚੋਂ ਇਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।