ਖੇਤੀ ਆਰਡੀਨੈਂਸਾਂ ਨੇ ਉਲਝਾਈ ਅਕਾਲੀ ਦਲ ਦੀ ਤਾਣੀ, ਆਗੂਆਂ ਵਿਚਾਲੇ ਬਣੀ ਦੋਫਾੜ ਵਾਲੀ ਸਥਿਤੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਨਹੀਂ ਲਿਆ ਜਾ ਸਕਿਆ ਕੋਈ ਆਖਰੀ ਫ਼ੈਸਲਾ

Sukhbir Singh Badal

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਾਣੀ ਉਲਝਾ ਦਿਤੀ ਹੈ। ਪਾਰਟੀ ਅੰਦਰ ਇਸ ਮੁੱਦੇ 'ਤੇ 'ਦੋਫਾੜ' ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਪਾਰਟੀ ਦੇ ਬਹੁਤੇ ਆਗੂ ਹਾਈ ਕਮਾਡ ਦੀ ਰਾਏ ਨਾਲ ਇਤਫ਼ਾਕ ਨਹੀਂ ਰੱਖ ਪਾ ਰਹੇ। ਇਸ ਦੇ ਮੱਦੇਨਜ਼ਰ ਉਹ ਦੱਬੀ ਜ਼ੁਬਾਨ ਆਰਡੀਨੈਂਸਾਂ ਖਿਲਾਫ਼ ਭੜਾਸ ਕੱਢਣ ਲੱਗ ਪਏ ਹਨ।

ਬੀਤੇ ਸਨਿੱਚਰਵਾਰ ਨੂੰ ਹੋਈ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਪਾਰਟੀ ਆਰਡੀਨੈਂਸਾਂ ਦੇ ਵਿਰੋਧ ਜਾਂ ਹੱਕ 'ਚ ਖਲੋਣ ਸਬੰਧੀ ਆਖ਼ਰੀ ਫ਼ੈਸਲਾ ਨਹੀਂ ਕਰ ਸਕੀ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਰ-ਪਾਰ ਦੇ ਮੂੜ 'ਚ ਹਨ। ਇਸੇ ਤਰ੍ਹਾਂ ਕਿਸਾਨੀ ਨਾਲ ਜੁੜੇ ਜ਼ਿਆਦਾਤਰ ਸੰਸਦ ਮੈਂਬਰ ਵੀ ਸਰਕਾਰ ਨੂੰ ਘੇਰਨ ਲਈ ਕਮਰਕੱਸੇ ਕਰ ਚੁੱਕੇ ਹਨ। ਸੰਸਦ ਦੇ ਸ਼ੁਰੂ ਹੋਣ ਵਾਲੇ ਇਜਲਾਸ ਦੌਰਾਨ ਵੀ ਖੇਤੀ ਆਰਡੀਨੈਂਸਾਂ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾ ਹੈ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪਹਿਲਾਂ ਹੀ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਦਾ ਐਲਾਨ ਕਰ ਚੁੱਕੇ ਹਨ। ਖ਼ਾਸ ਕਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਤਿੱਖੇ ਤੇ ਵਿਅੰਗਮਈ ਸਵਾਲਾਂ ਦਾ ਜਵਾਬ ਦੇਣਾ ਸਰਕਾਰ ਲਈ ਸੌਖਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਕਾਂਗਰਸ ਦੇ ਲਗਭਗ ਸਾਰੇ ਅਤੇ ਭਾਜਪਾ ਦੇ ਕੁੱਝ ਸੰਸਦ ਮੈਂਬਰਾਂ ਦੇ ਕੇਂਦਰ ਸਰਕਾਰ ਖਿਲਾਫ਼ ਭੁਗਤਣ ਦੇ ਅਸਾਰ ਹਨ।

ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਸਥਿਤੀ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਬਣਦੀ ਜਾ ਰਹੀ ਹੈ। ਜੇਕਰ ਉਹ ਸੰਸਦ 'ਚ ਆਰਡੀਨੈਂਸਾਂ ਦੇ ਹੱਕ 'ਚ ਖੁਲ੍ਹ ਕੇ ਬੋਲਦੇ ਹਨ ਤਾਂ ਵੱਡੀ ਗਿਣਤੀ ਕਿਸਾਨਾਂ ਦੀ ਨਰਾਜ਼ਗੀ ਸਹਿਣੀ ਪਵੇਗੀ, ਜੇਕਰ ਵਿਰੋਧ ਕਰਦੇ ਹਨ ਤਾਂ ਪੰਜਾਬ ਅੰਦਰ ਸਿਆਸੀ ਭਾਈਵਾਲੀ ਸਮੇਤ ਮੰਤਰੀ ਦੇ ਅਹੁਦੇ ਨੂੰ ਖ਼ਤਰਾ ਪੈਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਬੀਤੇ ਸਨਿੱਚਰਵਾਰ ਨੂੰ ਸੱਦੀ ਗਈ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਜਿੱਥੇ ਕੁੱਝ ਆਗੂ ਆਰਡੀਨੈਂਸਾਂ ਖਿਲਾਫ਼ ਸਖ਼ਤ ਰੁਖ ਅਪਨਾਉਣ ਦੇ ਹਾਮੀ ਸਨ, ਉਥੇ ਪਾਰਟੀ ਪ੍ਰਧਾਨ ਵਿਚ ਦਾ ਰਸਤਾ ਅਪਨਾਉਣ ਦੇ ਮੂੜ 'ਚ ਦਿਸੇ।

ਇਹੀ ਕਾਰਨ ਹੈ ਕਿ ਇਕ ਪਾਸੇ ਉਹ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਵਧੀਆ ਦੱਸ ਰਹੇ ਹਨ ਪਰ ਦੂਜੇ ਪਾਸੇ ਕਿਸਾਨੀ ਲਈ ਹਰ ਕੁਰਬਾਨੀ ਦੇਣ ਦੀ ਗੱਲ ਵੀ ਕਰ ਰਹੇ ਹਨ। ਫਲਸਰੂਪ ਮੀਟਿੰਗ ਦੌਰਾਨ ਪਾਰਟੀ ਇਸ ਮੁੱਦੇ 'ਤੇ ਕੋਈ ਪੁਖਤਾ ਸਟੈਂਡ ਨਹੀਂ ਲੈ ਸਕੀ। ਉਂਝ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਆਰਡੀਨੈਂਸਾਂ ਦੇ ਮੁੱਦੇ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਦਸ਼ੇ ਦੂਰ ਕਰਨ ਦੀ ਅਪੀਲ ਜ਼ਰੂਰ ਕੀਤੀ ਹੈ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਪਾਰਟੀ ਨੇ ਮਤਾ ਪਾਸ ਕਰਦਿਆਂ ਕਿਸਾਨਾਂ ਦੇ ਹਿਤਾਂ ਦੀ ਹਰ ਹਾਲ ਰਖਿਆ ਦਾ ਸੰਕਲਪ ਲਿਆ ਹੈ।

ਕਿਸਾਨਾਂ ਦੇ ਸਾਰੇ ਮਸਲਿਆਂ ਨੂੰ ਕੇਂਦਰ ਕੋਲ ਪਹੁੰਚਾਉਣ ਦਾ ਸੰਕਲਪ ਲੈਂਦਿਆਂ ਭਾਵੇਂ ਇਹ ਮੀਟਿੰਗ ਸਮਾਪਤ ਹੋ ਚੁੱਕੀ ਹੈ। ਪਰ ਪਾਰਟੀ ਆਗੂਆਂ ਅੰਦਰ ਆਰਡੀਨੈਂਸਾਂ ਨੂੰ ਲੈ ਕੇ ਧੁੱਖ ਰਹੀ ਨਰਾਜ਼ਗੀ ਦੀ ਅੱਗ ਦੇ ਭਾਬੜ ਬਣਨ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਸਾਂਸਦ ਜਗਮੀਤ ਬਰਾੜ ਪਾਰਟੀ ਨੂੰ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਸਖ਼ਤ ਸਟੈਂਡ ਲੈਣ ਦੀ ਨਸੀਹਤ ਦੇ ਚੁੱਕੇ ਹਨ। ਅਜਿਹੇ 'ਚ ਹੋਰ ਆਗੂਆਂ ਵਲੋਂ ਵੀ ਸਟੈਂਡ ਸਪੱਸ਼ਟ ਕਰਨ ਲਈ ਦਬਾਅ ਪਾਉਣ ਦੇ ਹਲਾਤ ਬਣ ਰਹੇ ਹਨ, ਜਿਸ ਨਾਲ ਨਜਿੱਠਣ ਲਈ ਪਾਰਟੀ ਨੂੰ ਕਾਫ਼ੀ ਪਸੀਨਾ ਵਹਾਉਣਾ ਪੈ ਸਕਦਾ ਹੈ।