ਥੰਮ ਨਹੀਂ ਰਿਹਾ ਕਰੋਨਾ ਟੈਸਟਾਂ ਸਬੰਧੀ ਫ਼ੈਲਿਆ ਡਰ, ਨਮੂਨੇ ਲੈਣ ਆਈ ਟੀਮ ਨੂੰ ਬਣਾਇਆ ਬੰਦੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਦਾ ਸਰਕਾਰ ਦੇ ਪ੍ਰਬੰਧਾਂ ਤੋਂ ਵਿਸ਼ਵਾਸ ਉਠਿਆ

Corona Test

ਚੰਡੀਗੜ੍ਹ : ਪੰਜਾਬ ਸਰਕਾਰ ਲੋਕਾਂ ਅੰਦਰੋਂ ਕਰੋਨਾ ਟੈਸਟਾਂ ਨੂੰ ਲੈ ਕੇ ਪਾਏ ਜਾ ਰਹੇ ਭਰਮ ਭੁਲੇਖੇ ਦੂਰ ਕਰਨ 'ਚ ਅਸਫ਼ਲ ਸਾਬਤ ਹੋ ਰਹੀ ਹੈ। ਇਸ ਸਬੰਧੀ ਫ਼ੈਲੀਆਂ ਅਫ਼ਵਾਹਾਂ ਨੂੰ ਠੱਲ੍ਹਣ ਲਈ ਸਰਕਾਰ ਵਲੋਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਸਮੇਤ ਪੂਰਾ ਪ੍ਰਸ਼ਾਸਨ ਲੋਕਾਂ ਨੂੰ ਅਫ਼ਵਾਹਾਂ ਪਿਛਲੀ ਸੱਚਾਈ ਤੋਂ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ, ਇਸ ਦੇ ਬਾਵਜੂਦ ਪਿੰਡਾਂ ਅੰਦਰ ਕਰੋਨਾ ਟੈਸਟਾਂ ਲਈ ਜਾਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਦਾ ਵਿਰੋਧ ਜਾਰੀ ਹੈ।

ਲੋਕ ਮਰੀਜ਼ਾਂ ਨੂੰ ਹਸਪਤਾਲ ਭੇਜਣ ਲਈ ਤਿਆਰ ਨਹੀਂ ਹਨ। ਕਈ ਥਾਈ ਲੋਕਾਂ ਨੇ ਪਿੰਡਾਂ ਦੀ ਨਾਕਾਬੰਦੀ ਕਰ ਕੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ਅੰਦਰ ਦਾਖ਼ਲ ਹੋਣ ਤੋਂ ਰੋਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਪੰਜਾਬ ਦੇ ਦਿੜ੍ਹਬਾ ਨੇੜਲੇ ਪਿੰਡ ਤੂਰਬੰਜਾਰਾ 'ਚ ਸਾਹਮਣੇ ਆਇਆ ਹੈ ਜਿੱਥੇ ਸਿਹਤ ਵਿਭਾਗ ਤੇ ਹੋਰਨਾਂ ਸਬੰਧਤ ਅਦਾਰਿਆਂ ਦੀ ਟੀਮ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਪਿੰਡ ਵਾਸੀਆਂ ਦੀ ਸੈਪਲਿੰਗ ਕਰਨ ਲਈ ਪਹੁੰਚ ਕੀਤੀ ਪਰ ਲੋਕ ਇਸ ਲਈ ਤਿਆਰ ਨਹੀਂ ਹੋਏ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਦੀ ਹੀ ਡਿਸਪੈਂਸਰੀ ਵਿਚ ਹੀ ਬੰਦੀ ਬਣਾ ਲਿਆ।

ਮੌਕੇ 'ਤੇ ਮੌਜੂਦ ਟੀਮ ਦੇ ਅਧਿਕਾਰੀਆਂ ਵਲੋਂ ਉੱਚ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ, ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਵਲੋਂ ਮੌਕੇ 'ਤੇ ਪੁਹੰਚ ਕੇ ਟੀਮ ਨੂੰ ਰਿਹਾਅ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਏ.ਐਸ.ਆਈ. ਰਘਵੀਰ ਸਿੰਘ ਨੇ ਦਸਿਆ ਕਿ ਪਿੰਡ ਵਾਸੀਆਂ ਵਲੋਂ ਟੀਮ ਨੂੰ ਕੋਰੋਨਾ ਸੈਂਪਲਿੰਗ ਦੇ ਵਿਰੋਧ ਵਿਚ ਬੰਦੀ ਬਣਾਇਆ ਗਿਆ, ਜਿਨ੍ਹਾਂ ਨੂੰ ਪਿੰਡ ਵਾਸੀਆਂ ਵਲੋਂ ਪਿੰਡ ਵਿਚ ਸੈਪਲਿੰਗ ਨਾ ਕਰਨ ਦੀ ਸ਼ਰਤ 'ਤੇ ਛੱਡ ਦਿਤਾ ਗਿਆ।

ਇਸ ਸਬੰਧੀ ਪਿੰਡ ਤੂਰਬੰਜਾਰਾ ਦੇ ਸਰਪੰਚ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਰੇ ਹੀ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਕੋਰੋਨਾ ਸੈਂਪਲਿੰਗ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦਾ ਮੁੱਖ ਕਾਰਨ ਕੋਰੋਨਾ ਮਹਾਂਮਾਰੀ ਸਬੰਧੀ ਲੋਕਾਂ ਦਾ ਸਰਕਾਰ ਦੇ ਮਾੜੇ ਪ੍ਰਬੰਧ ਤੇ ਮਾੜੀਆਂ ਸਿਹਤ ਸੇਵਾਵਾਂ ਤੋਂ ਵਿਸ਼ਵਾਸ ਉਠ ਗਿਆ ਹੈ।

ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਕੋਰੋਨਾ ਸੈਂਪਲਿੰਗ ਦੀ ਆੜ ਵਿਚ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਪਿੰਡ ਵਿਚ ਕੋਈ ਵੀ ਵਿਅਕਤੀ ਕੋਰੋਨਾ ਪੀੜਤ ਨਹੀਂ ਹੈ। ਜੇ ਭਵਿੱਖ ਵਿਚ ਕਿਸੇ ਵੀ ਵਿਅਕਤੀ ਵਿਚ ਕੋਰੋਨਾ ਨਾਲ ਸਬੰਧਤ ਲੱਛਣ ਪਾਇਆ ਗਿਆ ਤਾਂ ਅਸੀਂ ਖ਼ੁਦ ਉਸ ਦੀ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਨਾਲ ਸੰਪਰਕ ਕਰਾਂਗੇ।