ਸਿਹਤ ਵਿਭਾਗ ਨੇ ਲਿਆ ਫੈਸਲਾ, ਜਣੇਪੇ ਤੋਂ ਪਹਿਲਾਂ ਗਰਭਵਤੀ ਮਹਿਲਾਵਾਂ ਦਾ ਕਰੋਨਾ ਟੈਸਟ ਜਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਹੁਣ ਤੱਕ 257 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 16 ਲੋਕਾਂ ਦੀ ਇਸ ਭਿਆਨਕ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

coronavirus

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਵੱਖ-ਵੱਖ ਫੈਸਲੇ ਲਏ ਜਾ ਰਹੇ ਹਨ। ਇਸ ਤਹਿਤ ਹੁਣ ਗਰਭਵਤੀ ਮਹਿਲਾਵਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਂਣ ਦੇ ਲਈ ਸਿਹਤ ਵਿਭਾਗ ਗੰਭੀਰ ਹੋ ਗਿਆ ਹੈ। ਇਸ ਸਬੰਧੀ ਵਿਭਾਗ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ

ਕਿ ਗਰਭਵਤੀ ਮਹਿਲਾਂ ਦੇ ਜਣੇਪੇ ਤੋਂ ਪਹਿਲਾਂ ਉਨ੍ਹਾਂ ਦੇ ਕਰੋਨਾ ਵਾਇਰਸ ਨਾਲ ਸਬੰਧਿਤ ਟੈਸਟ ਕਰਵਾਏ ਜਾਣ ਅਤੇ ਇਸ ਦੇ ਨਾਲ ਹੀ ਜਿਹੜੀਆਂ ਮਹਿਲਾਂ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਖੇਤਰ ਵਿਚ ਰਹਿ ਰਹੀਆਂ ਹਨ ਉਨ੍ਹਾਂ ਦਾ ਵਿਸ਼ੇਸ਼ ਰੂਪ ਵਿਚ ਖਿਆਲ ਰੱਖਿਆ ਜਾਵੇ। ਦੱਸ ਦੱਈਏ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਵੀ ਕਰੋਨਾ ਵਾਇਰਸ ਦੇ ਕੇਸ ਕਾਫੀ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।

ਇਸ ਵਿਚ ਗਰਭਵਤੀ ਮਹਿਲਾਵਾਂ ਨੂੰ ਇਸ ਵਾਇਰਸ ਦੇ ਪ੍ਰਕੋਪ ਤੋਂ ਬਚਾਉਂਣ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਇਹ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਜਿਸ ਵਿਚ ਡਲਿਵਰੀ ਤੋਂ ਪਹਿਲਾਂ ਮਹਿਲਾ ਦਾ ਕਰੋਨਾ ਨਾਲ ਸਬੰਧਿਤ ਟੈਸਟ ਕਰਵਾਉਂਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਜਿਹੜੇ ਖੇਤਰਾਂ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਹੈ

ਉਥੋਂ ਇਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਭੇਜਣ ਅਤੇ ਨਾਲ ਹੀ ਉਨ੍ਹਾਂ ਦਾ ਖਿਆਲ ਰੱਖਣ ਲਈ ਸਿਵਲ ਸਰਜਨਾਂ ਨੂੰ ਆਸ਼ਾ ਅਤੇ ਐਡ.ਐੱਮ ਦੀ ਡਿਊਟੀ ਲਗਾਉਂਣ ਲਈ ਕਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਾਇਰੈਕਟਰ ਹੈਲਥ ਅਤੇ ਫੈਮਲੀ ਵੈਲਫੇਅਰ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਸਿਹਤ ਵਿਭਾਗ ਜੱਚਾ ਅਤੇ ਬੱਚਾ ਦੀ ਸਿਹਤ ਨੂੰ ਲੈ ਕੇ ਪੂਰੀ ਸੁਚੇਤਾ ਨਾਲ ਕੰਮ ਕਰ ਰਹੇ ਹਨ।

ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਮਹਾਂਮਾਰੀ ਦੇ ਦੌਰਾਨ ਗਰਭਵਤੀ ਔਰਤਾਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਤੋਂ ਬਾਅਦ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਦੇ ਟੈਸਟ ਕਰਵਾਉਂਣ ਲਈ ਪੂਰੀ ਰੂਪ ਰੇਖਾ ਉਲੀਕੀ ਗਈ ਹੈ। ਇਸ ਦੇ ਨਾਲ ਹੀ ਦੱਸ ਦੱਈਏ ਕਿ ਪੰਜਾਬ ਵਿਚ ਹੁਣ ਤੱਕ 257 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 16 ਲੋਕਾਂ ਦੀ ਇਸ ਭਿਆਨਕ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।