ਕਰੋਨਾ ਟੈਸਟ ਕਰਵਾਉਂਣਾ ਹੋਇਆ ਅਸਾਨ, ਸਰਕਾਰ ਨੇ ਨਿਰਧਾਰਿਤ ਕੀਤੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਹੁਣ ਤੱਕ ਦੇ ਕਰੋਨਾ ਵਾਇਰਸ ਦੇ ਅੰਕੜਿਆਂ ਬਾਰੇ ਗੱਲ ਕਰੀਏ ਤਾਂ ਹੁਣ ਤੱਕ 23,452 ਲੋਕ ਇਸ ਮਹਾਂਮਾਰੀ ਦੇ ਚਪੇਟ ਵਿਚ ਆ ਚੁੱਕੇ ਹਨ

coronavirus

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੇ ਮਾਮਲਿਆਂ ਵਿਚ ਆਏ ਦਿਨ ਇਜਾਫਾ ਹੋ ਰਿਹਾ ਹੈ। ਅਜਿਹੇ ਸਮੇਂ ਵਿਚ ਸਰਕਾਰਾਂ ਦੇ ਵੱਲੋਂ ਇਸ ਵਾਇਰਸ ਨੂੰ ਠੱਲ ਪਾਉਂਣ ਦੇ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਉਧਰ ਜੇਕਰ ਲੋਕਾਂ ਨੂੰ ਖਾਂਸੀ ਜਾਂ ਜੁਖਾਮ ਵੀ ਹੁੰਦਾ ਹੈ ਤਾਂ ਉਹ ਡਰ ਰਹੇ ਹਨ। ਭਾਵੇਂ ਕਿ ਉਹ ਕਰੋਨਾ ਟੈਸਟ ਤਾਂ ਕਰਵਾਉਂਣਾ ਚਹੁੰਦੇ ਹਨ ਪਰ ਟੈਸਟ ਦੀਆਂ ਕੀਮਤਾਂ ਦੇ ਕਾਰਨ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ।

ਇਸ ਸਥਿਤੀ ਨੂੰ ਦੇਖਦਿਆਂ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੇ ਅਨੁਸਾਰ ਸਰਕਾਰ ਨੇ ਪੂਰੇ ਦੇਸ਼ ਵਿਚ ਕਰੋਨਾ ਵਾਇਰਸ ਦੇ ਟੈਸਟ ਦੀ ਕੀਮਤ ਤੈਅ ਕੀਤੀ ਹੈ। ਜਿਸ ਵਿਚ ਲੈਬਾਂ 2500 ਤੋਂ ਜ਼ਿਆਦਾ ਪੈਸੇ ਨਹੀਂ ਲੈ ਸਕਣਗੀਆਂ। ਦੱਸ ਦੱਈਏ ਕਿ ICMR ਦੇ ਵੱਲੋਂ 87 ਲੈਬਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਨ੍ਹਾਂ ਵਿਚ ਕਰੋਨਾ ਵਾਇਰਸ ਦਾ ਟੈਸਟ ਕੀਤਾ ਜਾਵੇਗਾ।

ICMR ਵੱਲੋਂ ਦੱਸੀਆਂ ਗਈਆਂ ਇਹ ਲੈਬਾਂ ਦੇਸ਼ ਦੇ 15 ਰਾਜਾਂ ਵਿਚ ਸਥਿਤ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲੈਬਾਂ ਦੀ ਗਿਣਤੀ 20 ਮਹਾਰਾਸ਼ਟਰ ਵਿੱਚ ਹੈ। ਇਸ ਤੋਂ ਬਾਅਦ ਤੇਲੰਗਾਨਾ ਵਿਚ 12, ਦਿੱਲੀ ਵਿਚ 11, ਤਾਮਿਲਨਾਡੂ ਵਿਚ 10, ਹਰਿਆਣਾ ਵਿਚ 7, ਪੱਛਮੀ ਬੰਗਾਲ ਵਿਚ 6, ਕਰਨਾਟਕ ਵਿਚ 5, ਗੁਜਰਾਤ ਵਿਚ 4, ਕੇਰਲ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ 2-2 ਲੈਬ ਹਨ। ਜਦੋਂ ਕਿ ਉਤਰਾਖੰਡ ਅਤੇ ਓਡੀਸ਼ਾ ਵਿਚ 1-1 ਲੈਬਾਂ ਹਨ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰਮੁੱਖ ਸਕੱਤਰ (ਮੈਡੀਕਲ) ਅਮਿਤ ਮੋਹਨ ਪ੍ਰਸਾਦ ਦੁਆਰਾ ਜਾਰੀ ਕੀਤੇ ਗਏ ਹੁਕਮ ਅਨੁਸਾਰ ਜੇਕਰ ਕਿਸ ਲੈਬ ਇਕੱਲੇ ਇਕ ਪੜਾਅ ਦੀ ਟੈਸਟਿੰਗ ਲਈ ਇਸ ਤੋਂ ਵੱਧ ਫੀਸ ਲੈਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦੱਸ ਦੱਈਏ ਕਿ ਸਿੰਗਲ ਫੇਜ਼ ਟੈਸਟਿੰਗ ਵਿਚ ਹੀ ਵਾਇਰਸ ਦੀ ਲਾਗ ਦੀ ਪੁਸ਼ਟੀ ਕੀਤੀ ਜਾਂਦੀ ਹੈ। ਜੇਕਰ ਦੇਸ਼ ਵਿਚ ਹੁਣ ਤੱਕ ਦੇ ਕਰੋਨਾ ਵਾਇਰਸ ਦੇ ਅੰਕੜਿਆਂ ਬਾਰੇ ਗੱਲ ਕਰੀਏ ਤਾਂ ਹੁਣ ਤੱਕ 23,452 ਲੋਕ ਇਸ ਮਹਾਂਮਾਰੀ ਦੇ ਚਪੇਟ ਵਿਚ ਆ ਚੁੱਕੇ ਹਨ ਅਤੇ 723 ਲੋਕਾਂ ਦੀ ਕਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 4,814 ਲੋਕ ਇਸ ਵਾਇਰਸ ਵਿਚੋਂ ਉਭਰ ਆਏ ਹਨ ਅਤੇ ਹੁਣ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।