ਫਰੀਦਕੋਟ ਵਿਚ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਵਾਲੇ ਗ੍ਰੰਥੀ ਵਿਰੁਧ ਮਾਮਲਾ ਦਰਜ; ਲਾੜਾ ਵੀ ਨਾਮਜ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੁਪਿੰਦਰ ਸਿੰਘ ਨੂੰ ਪਤਾ ਸੀ ਕਿ ਲੜਕੀ ਨਾਬਾਲਗ ਸੀ, ਫਿਰ ਵੀ ਉਸ ਨੇ ਇਕ ਸਾਜ਼ਸ਼ ਤਹਿਤ ਅਨੰਦ ਕਾਰਜ ਦੀ ਰਸਮ ਕਰਵਾਈ।

Image: For representation purpose only.

 

ਫਰੀਦਕੋਟ:  ਫਰੀਦਕੋਟ ਸਿਟੀ ਪੁਲਿਸ ਨੇ ਫਰੀਦਕੋਟ 'ਚ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਦੇ ਮਾਮਲੇ 'ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਇਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਪੀੜਤਾ ਦੇ ਪਿਤਾ ਨੇ ਦਸਿਆ ਹੈ ਕਿ ਉਸ ਦੀ ਨਾਬਾਲਗ ਲੜਕੀ ਨੂੰ ਆਕਾਸ਼ ਕੁਮਾਰ ਵਾਸੀ ਫਰੀਦਕੋਟ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਸੀ। ਇਸ ਦੌਰਾਨ ਮੁਲਜ਼ਮ ਆਕਾਸ਼ ਨੇ ਉਨ੍ਹਾਂ ਦੀ ਲੜਕੀ ਕੋਲੋਂ ਘਰੋਂ 5 ਤੋਲੇ ਸੋਨੇ ਦੇ ਗਹਿਣੇ, 7 ਤੋਲੇ ਚਾਂਦੀ ਦੇ ਗਹਿਣੇ ਅਤੇ 70 ਹਜ਼ਾਰ ਦੀ ਨਕਦੀ ਚੋਰੀ ਕਰਵਾਈ

ਉਨ੍ਹਾਂ ਕਿਹਾ ਕਿ ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭੁਪਿੰਦਰ ਸਿੰਘ ਨੇ ਵਿਆਹ ਦੀ ਰਸਮ ਅਦਾ ਕੀਤੀ। ਭੁਪਿੰਦਰ ਸਿੰਘ ਨੂੰ ਪਤਾ ਸੀ ਕਿ ਲੜਕੀ ਨਾਬਾਲਗ ਸੀ, ਫਿਰ ਵੀ ਉਸ ਨੇ ਇਕ ਸਾਜ਼ਸ਼ ਤਹਿਤ ਅਨੰਦ ਕਾਰਜ ਦੀ ਰਸਮ ਕਰਵਾਈ। ਇਸ ਦੌਰਾਨ ਫਰਜ਼ੀ ਦਸਤਾਵੇਜ਼ ਵੀ ਤਿਆਰ ਕੀਤੇ ਗਏ, ਮੁਲਜ਼ਮਾਂ ਵਲੋਂ ਗੁਰਦੁਆਰਾ ਸਾਹਿਬ ਦੇ ਰਿਕਾਰਡ ਵਿਚ ਵੀ ਵਿਆਹ ਦਾ ਰਿਕਾਰਡ ਦਰਜ ਨਹੀਂ ਕਰਵਾਇਆ ਗਿਆ। ਗੁਰਦੁਆਰੇ ਤੋਂ ਮੈਰਿਜ ਸਰਟੀਫਿਕੇਟ ਵੀ ਨਹੀਂ ਦਿਤਾ ਗਿਆ।

ਇਹ ਘਟਨਾ 8 ਅਗਸਤ 2023 ਦੀ ਹੈ। ਉਪਰੋਕਤ ਘਟਨਾ ਤੋਂ ਬਾਅਦ ਗੁਰਦੁਆਰੇ ਦੇ ਗ੍ਰੰਥੀ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਰਹੀ, ਪੀੜਤ ਪਰਿਵਾਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਫਰਜ਼ੀ ਵਿਆਹ ਕਰਵਾਉਣ ਵਾਲੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਸੀ। ਤਿੰਨ ਦਿਨ ਪਹਿਲਾਂ ਜਥੇਬੰਦੀਆਂ ਵਲੋਂ ਫ਼ਰੀਦਕੋਟ ਪੁਲਿਸ ਨੂੰ ਅੰਤਿਮ ਚਿਤਾਵਨੀ ਦਿਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਘਟਨਾ ਦੀ ਜਾਂਚ ਕਰਦਿਆਂ ਲੜਕੀ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਅਕਾਸ਼ ਕੁਮਾਰ ਅਤੇ ਵਿਆਹ ਕਰਵਾਉਣ ਵਾਲੇ ਗ੍ਰੰਥੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।