ਸਿੱਧੂ ਵਲੋਂ ਵਿਸ਼ਵ ਪ੍ਰਸਿਧ ਖ਼ਾਨਸਾਮਿਆਂ ਨੂੰ ਪੰਜਾਬ ਵਿਚ ਇੰਡੀਅਨ ਕੁਲੀਨਰੀ ਇੰਸਟੀਚਿਊਟ ਬਨਾਉਣ ਦਾ ਸੱਦਾ
ਅੰਮ੍ਰਿਤਸਰ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ..........
ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਦੇ ਮਹਾਨ ਖਾਨਸਾਮਿਆਂ ਨੂੰ ਸੱਦਾ ਦਿਤਾ ਕਿ ਉਹ ਹੋਟਲ ਤੇ ਸੈਰਸਪਾਟਾ ਸਨਅਤ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੰਜਾਬ ਵਿਚ 'ਇੰਡੀਅਨ ਕਟਲਰੀ ਇੰਸਟੀਚਿਊਟ' ਖੋਲ੍ਹਣ, ਪੰਜਾਬ ਸਰਕਾਰ ਉਨਾਂ ਨੂੰ ਥਾਂ ਦੇਣ ਦੇ ਨਾਲ-ਨਾਲ ਹਰੇਕ ਤਰਾਂ ਦਾ ਸਹਿਯੋਗ ਦੇਵੇਗੀ।
ਸ. ਸਿੱਧੂ ਨੇ ਕਿਹਾ ਕਿ ਅੱਜ ਸਾਡੇ ਬੱਚੇ ਵਿਸ਼ਵ ਪੱਧਰ ਦੀ ਪੜ੍ਹਾਈ ਕਰਨ ਲਈ 30-30 ਲੱਖ ਰੁਪਏ ਲਗਾ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ,
ਜਿਸ ਨਾਲ ਜਿੱਥੇ ਸਾਡਾ ਪੈਸਾ ਬਾਹਰ ਜਾ ਰਿਹਾ ਹੈ, ਉਥੇ ਸਾਡਾ ਬੇਸ਼ਕੀਮਤੀ ਮਨੁੱਖੀ ਸਰੋਤ ਵੀ ਵਿਦੇਸ਼ ਨੂੰ ਪ੍ਰਵਾਸ ਕਰ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਅਜਿਹਾ ਇੰਸਟੀਚਿਊਟ ਅੰਮ੍ਰਿਤਸਰ ਜਾਂ ਮੁਹਾਲੀ ਵਿਚ ਬਣਦਾ ਹੈ, ਤਾਂ ਇਸ ਨਾਲ ਚੰਗੀ ਹੁਨਰਮੰਦ ਸਿੱਖਿਆ ਦੇ ਨਾਲ-ਨਾਲ ਸਾਡੀ ਪੀੜ੍ਹੀ ਵਾਸਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਵਿਦੇਸ਼ਾਂ ਵਿਚੋਂ ਵੀ ਵਿਦਿਆਰਥੀ ਪੜ੍ਹਨ ਲਈ ਸਾਡੇ ਕੋਲ ਆਉਣਗੇ। ਉਨਾਂ ਇਸ ਮੌਕੇ ਕਿਲ੍ਹਾ ਗੋਬਿੰਦਗੜ੍ਹ ਦੇ ਨਵੀਨੀਕਰਨ ਸਬੰਧੀ ਚੱਲ ਰਹੇ ਕੰਮ ਦੀ ਆਖਰੀ 15 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰਦੇ ਕਿਹਾ ਕਿ ਇਹ ਵਿਰਾਸਤੀ ਇਮਾਰਤਾਂ ਸਾਡੀ ਸ਼ਾਨ ਦਾ ਪ੍ਰਤੀਕ ਹਨ
ਅਤੇ ਇਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਉਨਾਂ ਦੱਸਿਆ ਕਿ ਟਾਊਨ ਹਾਲ ਵਿਚ ਅੰਤਰਰਾਸ਼ਟਰੀ ਫੂਡ ਸਟਰੀਟ ਬਨਾਉਣ ਲਈ ਸਰਕਾਰ ਵੱਲੋਂ ਕਰੀਬ ਪੌਣੇ ਗਿਆਰਾਂ ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਸੀਂ 31 ਮਾਰਚ 2020 ਤੱਕ ਉਥੇ ਫੂਡ ਸਟਰੀਟ ਚਾਲੂ ਕਰ ਦਿਆਂਗੇ। ਉਨਾਂ ਦੱਸਿਆ ਕਿ ਇਸ ਸਟਰੀਟ ਵਿਚ 16 ਫੂਡ ਕੋਰਟ, 2 ਵੱਡੇ ਰੈਸਟੋਰੈਂਟ, ਕੈਫੇਟੇਰੀਆ, 5 ਆਰਟ ਤੇ ਕਰਾਫਟ ਦੀਆਂ ਦੁਕਾਨਾਂ, ਪ੍ਰਦਰਸ਼ਨੀ ਹਾਲ ਅਤੇ ਕਾਨਫਰੰਸ ਰੂਮ ਸ਼ਾਮਿਲ ਹਨ।
ਇਸ ਮੌਕੇ ਵਿਸ਼ਵ ਸੈਫ ਐਸੋਸੀਏਸ਼ਨ ਦੇ ਚੇਅਰਮੈਨ ਥੋਮਸ ਗੁਗਲਰ ਨੇ ਕਿਹਾ ਕਿ ਅਜਿਹੇ ਸੰਮੇਲਨ ਵਿਰਾਸਤੀ ਭੋਜਨ ਅਤੇ ਸਭਿਆਚਾਰ ਨੂੰ ਸਾਂਭਣ ਦਾ ਉਪਰਾਲਾ ਹਨ ਅਤੇ ਮੈਂ ਸਮਝਦਾ ਹਾਂ ਕਿ ਭਾਰਤ ਵਿਰਾਸਤੀ ਖਾਣੇ ਵਿਚ ਬਹੁਤ ਅੱਗੇ ਹੈ। ਪ੍ਰਸਿਧ ਖਾਨਸਾਮੇ ਮਨਜੀਤ ਗਿੱਲ ਨੇ ਇਸ ਸੰਮੇਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੇ ਸਹਿਯੋਗ ਤੋਂ ਬਿਨਾਂ ਸਾਡੇ ਲਈ ਇਹ ਸੰਮੇਲਨ ਕਰ ਸਕਣਾ ਅਸੰਭਵ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਨਵਜੋਤ ਕੌਰ ਸਿੱਧੂ, ਸਕੱਤਰ ਸੈਰ ਸਪਾਟਾ ਵਿਭਾਗ ਸ੍ਰੀ ਵਿਕਾਸ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਪੁਲਿਸ ਸ੍ਰੀ ਐਸ. ਸ੍ਰੀਵਾਸਤਵਾ, ਡਾਇਰੈਕਟਰ ਸ. ਮਲਵਿੰਦਰ ਸਿੰਘ ਜੱਗੀ, ਮੈਡਮ ਦੀਪਾ ਸ਼ਾਹੀ, ਸੰਮੇਲਨ ਦੇ ਨਿਰਦੇਸ਼ਕ ਹਰਬੀ ਸਿੱਧੂ, ਮੈਨੇਜਿੰਗ ਡਾਇਰੈਕਟਰ ਮੇਰਿਡ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।