ਕਿਸਾਨੀ ਸੰਘਰਸ਼ ਨੂੰ ਲੀਹੋ ਲਾਹੁਣ ਲਈ ਸਰਗਰਮ ਹੋਏ ਸਿਆਸੀ ਦਲ,ਨਹੀਂ ਛੱਡ ਰਹੇ ਧਰਨੇ ਪ੍ਰਦਰਸ਼ਨਾਂ ਦਾ ਹੇਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਨਾਮ 'ਤੇ ਇਕ-ਦੂਜੇ ਨੂੰ ਠਿੱਬੀ ਲਾਉਣ ਲਈ ਸਰਗਰਮ ਹੋਈਆਂ ਸਿਆਸੀ ਧਿਰਾਂ

Farmers Protest

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨੀ ਸੰਘਰਸ਼ ਨੂੰ ਮਿਲ ਰਹੇ ਜਨ-ਸਮਰਥਨ ਨੇ ਸਿਆਸਤਦਾਨਾਂ ਦੀ ਨੀਂਦ ਉਡਾ ਦਿਤੀ ਹੈ। ਕਿਸਾਨੀ ਸੰਘਰਸ਼ ਨਾਲ ਜੁੜਿਆ ਬੁੱਧੀਜੀਵੀ ਵਰਗ ਸਿਆਸਤਦਾਨਾਂ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਹੈ, ਜਿਸ ਬਦੌਲਤ ਸਿਆਸਤਦਾਨਾਂ ਦੀ ਕੋਈ ਵੀ ਚਾਲ ਸਫ਼ਲ ਨਹੀਂ ਹੋ ਰਹੀ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਲਾਮਬੰਦੀ ਨੂੰ ਹਲਕੇ 'ਚ ਲੈਂਦਿਆਂ ਕਾਹਲੀ 'ਚ ਖੇਤੀ ਕਾਨੂੰਨ ਬਣਾ ਕੇ ਵੱਡਾ ਦਾਅ ਖੇਡਣ ਦੀ ਚਾਲ ਚੱਲੀ ਜੋ ਉਸ ਨੂੰ ਪੁੱਠੀ ਪੈਂਦੀ ਜਾਪ ਰਹੀ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਹੁਣ ਕਿਸਾਨੀ ਘੋਲ ਨੂੰ ਥੰਮਣ ਲਈ ਪੂਰੀ ਤਾਕਤ ਝੋਕ ਦਿਤੀ ਹੈ। ਇਸ ਦੀ ਪ੍ਰਤੱਖ ਮਿਸਾਲ ਗੱਲਬਾਤ ਦੇ ਸੱਦੇ ਦੇ ਨਾਲ-ਨਾਲ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਸ਼ੁਰੂ ਕੀਤੀ ਲਾਮਬੰਦੀ ਤੋਂ ਮਿਲ ਜਾਂਦੀ ਹੈ।

ਇਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਦੇ ਮੇਜ਼ 'ਤੇ ਲਿਆਉਣ ਲਈ ਚਿੱਠੀਆਂ ਜਾਰੀ ਕਰ ਰਹੀ ਹੈ, ਦੂਜੇ ਪਾਸੇ ਕੇਂਦਰੀ ਮੰਤਰੀਆਂ ਦੀ ਫ਼ੌਜ ਨੂੰ ਖੇਤੀ ਕਾਨੂੰਨਾਂ ਖਿਲਾਫ਼ ਪੈਦਾ ਕੀਤੇ ਜਾ ਰਹੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਪੰਜਾਬ ਭੇਜਿਆ ਜਾ ਰਿਹਾ ਹੈ। ਕਿਸਾਨਾਂ ਦੇ ਸ਼ੰਕਿਆਂ ਅਤੇ ਮੰਗਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਅਣਜਾਣ ਬਣਨ ਦਾ ਡਰਾਮਾ ਕਰ ਰਹੀ ਹੈ। ਜੇਕਰ ਉਹ ਵਾਕਈ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਅਨਜਾਣ ਹੈ ਤਾਂ ਕਿਸਾਨਾਂ ਲਈ ਲਾਹੇਵੰਦ ਕਾਨੂੰਨ ਕਿਵੇਂ ਬਣਾ ਸਕਦੀ ਹੈ। ਭਾਜਪਾ ਨੂੰ ਛੱਡ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਅਤੇ ਹਰ ਵਰਗ ਦੇ ਲੋਕ ਕਿਸਾਨਾਂ ਦੀ ਹਾਂ 'ਚ ਹਾਂ ਮਿਲਾ ਰਹੇ ਹਨ ਪਰ ਦੂਜੇ ਪਾਸੇ ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਨੂੰ ਕਿਸਾਨਾਂ  ਵਿਚ ਵਿਚਰਨ ਦੇ ਬਾਵਜੂਦ ਕਿਸਾਨਾਂ ਦੇ ਸ਼ੰਕਿਆਂ ਦੀ ਸਮਝ ਨਾ ਪੈਣਾ ਸਵਾਲ ਖੜ੍ਹੇ ਕਰਦਾ ਹੈ।

ਕਿਸਾਨ ਪਿਛਲੇ 11-12 ਦਿਨਾਂ ਤੋਂ ਸੜਕਾਂ ਅਤੇ ਰੇਲਾਂ ਦੀਆਂ ਪਟੜੀਆਂ 'ਤੇ ਬੇਅਰਾਮੀ ਦੀ ਹਾਲਤ 'ਚ ਡਟੇ ਹੋਏ ਹੈ। ਉਹ ਵੀ ਉਸ ਵੇਲੇ ਜਦੋਂ ਝੋਨੇ ਦੀ ਵੱਢਾਈ ਅਤੇ ਅੱਗੇ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਸੀਜ਼ਨ ਸਿਰ 'ਤੇ ਹੈ। ਇਸ ਦੇ ਬਾਵਜੂਦ ਉਹ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹਨ। ਦੂਜੇ ਪਾਸੇ ਪੰਜਾਬ ਭਾਜਪਾ ਦੀਆਂ ਸਰਗਰਮੀਆਂ ਸ਼ੰਕਾ ਪੈਦਾ ਕਰਦੀਆਂ ਹਨ। ਭਾਜਪਾ ਆਗੂਆਂ ਮੁਤਾਬਕ ਕੇਂਦਰ ਨਾਲ ਗੱਲਬਾਤ ਤੋਂ ਬਾਅਦ ਕਿਸਾਨ ਦਿੱਲੀ ਤੋਂ ਖ਼ੁਸ਼ ਹੋ ਕੇ ਵਾਪਸ ਪਰਤਣਗੇ। ਜੇਕਰ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੀਆਂ ਚੰਗਿਆਈਆਂ 'ਤੇ ਇੰਨਾ ਹੀ ਭਰੋਸਾ ਹੈ ਤਾਂ ਉਹ ਪੰਜਾਬ ਅੰਦਰ ਕਿਸਾਨਾਂ ਦੇ ਸੜਕਾਂ 'ਤੇ ਹੋਣ ਦੌਰਾਨ ਸਿਆਸੀ ਸਰਗਰਮੀਆਂ ਤੋਂ ਬਾਜ਼ ਕਿਉਂ ਨਹੀਂ ਆ ਰਹੇ? ਉਹ ਅਜਿਹੀਆਂ ਹਰਕਤਾਂ ਜਾਂ ਗਤੀਵਿਧੀਆਂ ਕਿਉਂ ਕਰਦੇ ਹਨ, ਜੋ ਸੜਕਾਂ 'ਤੇ ਬੇਅਰਾਮੀ 'ਚ ਬੈਠੇ ਅੰਨਦਾਤੇ ਨੂੰ ਹੋਰ ਬੇਅਰਾਮ ਤੇ ਪ੍ਰੇਸ਼ਾਨ ਕਰ ਸਕਦੀਆਂ ਹਨ।

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਨੂੰ ਵੀ ਭਾਜਪਾ ਆਗੂਆਂ ਦੀਆਂ ਸਰਗਰਮੀਆਂ ਦੇ ਪ੍ਰਤੀਕਰਮ ਵਜੋਂ ਵੇਖਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਖ਼ਬਰਾਂ ਮੁਤਾਬਕ ਬੀਤੇ ਕੱਲ੍ਹ ਭਾਜਪਾ ਆਗੂਆਂ ਦੇ ਕੁੱਝ ਭੜਕਾਊ ਬਿਆਨ ਸਾਹਮਣੇ ਆਏ ਸਨ, ਜਿਸ ਤੋਂ ਧਰਨੇ 'ਤੇ ਬੈਠੇ ਕਿਸਾਨ ਖ਼ਫਾ ਸਨ। ਸ਼ਾਮ ਨੂੰ ਭਾਜਪਾ ਆਗੂ 'ਤੇ ਹਮਲਾ ਹੋ ਗਿਆ। ਸ਼ੁਰੂਆਤ 'ਚ ਇਸ ਨੂੰ ਕਿਸਾਨਾਂ ਦਾ ਹਮਲਾ ਕਰਾਰ ਦਿਤਾ ਗਿਆ ਪਰ ਬਾਅਦ 'ਚ ਭਾਜਪਾ ਆਗੂਆਂ ਨੇ ਇਸ ਨੂੰ ਕਾਂਗਰਸ ਦੀ ਸਾਜ਼ਸ਼ ਕਰਾਰ ਦਿੰਦਿਆਂ ਕੈਪਟਨ ਸਰਕਾਰ ਮੋਰਚਾ ਖੋਲ੍ਹ ਦਿਤਾ ਹੈ। ਭਾਜਪਾ ਵਲੋਂ ਅੱਜ ਪੰਜਾਬ ਭਰ 'ਚ ਡੀਸੀ ਦਫ਼ਤਰਾਂ ਸਾਹਮਣੇ ਧਰਨੇ ਪ੍ਰਦਰਸ਼ਨ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾ ਸਿਆਸੀ ਧਿਰਾਂ ਨੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀਆਂ ਕੱਢ ਕੇ ਕਿਸਾਨਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਇਸ 'ਚ ਕਾਮਯਾਬ ਨਹੀਂ ਹੋਏ ਤਾਂ ਹੁਣ ਉਨ੍ਹਾਂ ਨੇ ਕਿਸਾਨਾਂ 'ਚ ਭੜਕਾਹਟ ਪੈਦਾ ਕਰਨ ਦੇ ਨਾਲ-ਨਾਲ ਸਿਆਸੀ ਘਮਾਸਾਨ ਆਰੰਭ ਕੇ ਕਿਸਾਨੀ ਘੋਲ ਦੇ ਜੜ੍ਹੀ ਤੇਲ ਦੇਣਾ ਆਰੰਭ ਦਿਤਾ ਹੈ।

ਦੂਜੇ ਪਾਸੇ ਸਿਆਸਤਦਾਨਾਂ ਦੀ ਖੇਡ ਨੂੰ ਸਮਝਦਿਆਂ ਕਿਸਾਨ ਜਥੇਬੰਦੀਆਂ ਨੇ ਵੀ ਕਮਰਕੱਸ ਲਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ 'ਇਕੋ ਥਾਲੀ ਦੇ ਵੱਟੇ' ਹਨ। ਅਜਿਹੇ 'ਚ ਇਨ੍ਹਾਂ ਤੋਂ ਬਚ ਕੇ ਰਿਹਾ ਜਾਵੇ। ਉਨ੍ਹਾਂ ਕਿਹਾ ਬੀਜੇਪੀ ਲੀਡਰਸ਼ਿਪ ਦਾ ਇਸ ਵੇਲੇ ਪੂਰਾ ਜ਼ੋਰ ਲੱਗਾ ਹੈ ਕਿ ਕਿਸਾਨ ਅੰਦੋਲਨ 'ਚ ਫੁੱਟ ਕਿਵੇਂ ਪਾਈ ਜਾਵੇ। ਉਨ੍ਹਾਂ ਕਿਹਾ ਹਿੰਦੂ ਸਿਖਾਂ 'ਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਤਾਂ ਜੋ ਇਹ ਕੂੜ ਪ੍ਰਚਾਰ ਕਰਕੇ ਕਿਸਾਨ ਅੰਦੋਲਨ ਫਿੱਕਾ ਪਾ ਸਕਣ। ਉਨ੍ਹਾਂ ਕਿਹਾ ਸਾਨੂੰ ਕਿਸਾਨ ਘੋਲਾਂ ਦੀ ਰਾਖੀ ਕਰਨੀ ਪਵੇਗੀ ਕਿ ਕੋਈ ਸ਼ਰਾਰਤੀ ਅਨਸਰ ਇਸ 'ਚ ਦਾਖ਼ਲ ਨਾ ਹੋ ਸਕਣ।