550ਵੇਂ ਪ੍ਰਕਾਸ਼ ਪੁਰਬ 'ਤੇ ਫ਼ਿਜ਼ਾ 'ਚ ਘੁਲਿਆ ਸੂਫ਼ੀਆਨਾ ਰੰਗ
ਕੰਵਰ ਗਰੇਵਾਲ ਤੇ ਸਤਿੰਦਰ ਸਰਤਾਜ ਨੇ ਨੱਚਣ ਲਾਏ ਸਰੋਤੇ
ਬਠਿੰਡਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ 'ਚ ਸੂਫੀ ਨਾਈਟ ਦੇ ਮੱਦੇਨਜ਼ਰ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ 'ਚ ਬਾਬਾ ਨਾਨਕ ਦੀ ਉਸਤਤ ਕਰਦਿਆਂ ਕੰਵਰ ਗਰੇਵਾਲ ਤੇ ਸਤਿੰਦਰ ਸਰਤਾਜ ਨੇ ਸਰੋਤਿਆਂ ਨੂੰ ਝੂੰਮਣ ਲਗਾ ਦਿੱਤਾ, ਜਦੋਂਕਿ ਇਸ ਦੌਰਾਨ ਪਦਮਸ੍ਰੀ ਸੁਰਜੀਤ ਪਾਤਰ ਨੇ ਵੀ ਸ਼ਿਰਕਤ ਕੀਤੀ। ਕੰਵਰ ਗਰੇਵਾਲ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਉਂਦਿਆਂ ਗੀਤ 'ਵਾਹ ਵਾਹ ਮੌਜ ਫ਼ਕੀਰ ਦੀ' ਗਾ ਕੇ ਰੌਣਕਾਂ ਲਗਾ ਦਿੱਤੀਆਂ।
ਦੋਵਾਂ ਹੀ ਗਾਇਕਾਂ ਨੂੰ ਸੁਨਣ ਸਰੋਤਿਆਂ ਦੀ ਉਮੀਦ ਨਾਲੋਂ ਜ਼ਿਆਦਾ ਭੀੜ ਦਿਖਾਈ ਦਿੱਤੀ। ਮੁੱਖ ਮਹਿਮਾਨ ਵਜੋਂ ਇਸ ਦੌਰਾਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਮੌਜੂਦ ਸਨ, ਜਦੋਂਕਿ ਇਸ ਤੋਂ ਇਲਾਵਾ ਉਥੇ ਕਾਂਗਰਸੀ ਆਗੂ ਜੈਜੀਤ ਜੌਹਲ, ਨਗਰ ਸੁਧਾਰ ਟਰੱਸਟ ਦੇ ਕੇਵਲ ਕ੍ਰਿਸ਼ਨ ਅਗਰਵਾਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਕਾਂਗਰਸੀ ਆਗੂ ਪਵਨ ਮਾਨੀ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਦੇ ਇਲਾਵਾ ਹੋਰ ਕਾਂਗਰਸੀ ਆਗੂ ਵੀਆਈਪੀ ਬਣੇ ਰਹੇ। ਜ਼ਿਆਦਾਤਰ ਸੀਟਾਂ 'ਤੇ ਕਾਂਗਰਸੀ ਹੀ ਦਿਖੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਕੰਵਰ ਗਰੇਵਾਲ ਨੇ ਕਈ ਸਵਾਲ ਕਰਦਿਆਂ ਇਸ ਪ੍ਰਕਾਸ਼ ਪੁਰਬ 'ਤੇ ਬੁਰਿਆਈਆਂ ਨੂੰ ਛੱਡ ਕੇ ਗੁਰੂ ਦੇ ਸੱਚੇ ਸੁੱਚੇ ਬਨਣ ਲਈ ਕਿਹਾ ਤੇ ਪੰਜਾਬ ਦੀ ਬਣੀ ਹੋਈ ਮੌਜੂਦਾ ਸਥਿੱਤੀ 'ਤੇ ਵੀ ਆਪਣੀ ਗਾਇਕੀ 'ਚ ਚਿੰਤਾ ਜਤਾਈ। 'ਨਾ ਜਾਈਂ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ ਬੀਬਾ, 'ਸੁਣਿਐ ਸਰਦਾਰਾ ਤੇਰੀ ਮਹਿੰਗੀ ਸਰਦਾਰੀ ਏ' ਦੇ ਨਾਲ ਕਾਫ਼ੀ ਦਰਸ਼ਕਾਂ ਨੂੰ ਕੀਲੀ ਰੱਖਿਆ। ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦਾ ਜਲਵਾ ਇੰਝ ਬਿਖੇਰਿਆ ਕਿ ਅੱਧੀ ਰਾਤ ਤਕ ਸਰੋਤੇ ਉਨ੍ਹਾਂ ਨੂੰ ਸੁਣਦੇ ਰਹੇ।
ਸਤਿੰਦਰ ਸਰਤਾਜ ਨੇ ਜਿੱਥੇ 'ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ' ਗੀਤ ਨਾਲ ਗੁਰਮੁਖੀ ਦੀ ਲੋੜ ਨੂੰ ਟਹਿਕਣ ਲਾਇਆ, ਉੇਥੇ ਹੀ 'ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋ ਸਮਝੋ ਦਾਤਾ ਨੇ ਸੁਖਾਲੇ ਕਰਤੇ' ਗੀਤ ਨਾਲ ਸਾਂਝੀਵਾਲਤਾ ਤੇ ਲੋੜਵੰਦਾਂ ਦੀ ਮਦਦ ਦਾ ਸੁਨੇਹਾ ਦਿੱਤਾ।
ਸੰਗਤ ਦਾ ਠਾਠਾਂ ਮਾਰਦਾ ਇਕੱਠ ਇਨਾਂ ਰੂਹਾਨੀ ਪਲਾਂ ਦਾ ਗਵਾਹ ਬਣਿਆ ਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਤਾਲ ਨੇ ਆਲਮ ਗੂੰਜਣ ਲਾ ਦਿੱਤਾ। ਇਸ ਤੋਂ ਬਿਨਾਂ 'ਇਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ', 'ਕੋਈ ਅਲੀ ਆਖੇ ਕੋਈ ਬਲੀ ਆਖੇ' ਅਤੇ 'ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ' ਸੰਗਤਾਂ ਦੀ ਕਚਿਹਿਰੀ ਵਿਚ ਹਾਜ਼ਰੀ ਭਰੀ।