ਕਿਸਾਨ ਅੰਦੋਲਨ ਦੀ ਸਫਲਤਾ ਉਪਰੰਤ ਤੜਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਉਪ ਮੁੱਖ ਮੰਤਰੀ ਰੰਧਾਵਾ
ਕਾਲੇ ਕਾਨੂੰਨਾਂ ਦੀ ਵਾਪਸੀ ਪੰਜਾਬੀਅਤ ਦੀ ਜਿੱਤ- ਸੁਖਜਿੰਦਰ ਰੰਧਾਵਾ
ਅੰਮ੍ਰਿਤਸਰ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲੀ ਕਾਮਯਾਬੀ ਲਈ ਅੱਜ ਤੜਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਤੜਕੇ 4 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਪੁੱਜੇ ਰੰਧਾਵਾ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ, ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਹੁਕਮਨਾਮਾ ਸੁਣ ਕੇ ਵਾਪਸੀ ਲਈ ਚਾਲੇ ਪਾਏ। ਇਸ ਮੌਕੇ ਕਾਂਗਰਸ ਆਗੂ ਭਗਵੰਤਪਾਲ ਸਿੰਘ ਸੱਚਰ ਤੇ ਹੋਰ ਆਗੂ ਵੀ ਉਹਨਾਂ ਨਾਲ ਹਾਜ਼ਰ ਸਨ।
ਰੰਧਾਵਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੀ ਅਪਾਰ ਕਿਰਪਾ ਨਾਲ ਸਾਡੇ ਕਿਸਾਨਾਂ ਨੂੰ ਸੰਘਰਸ਼ ਵਿਚ ਕਾਮਯਾਬੀ ਮਿਲੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਜੋ ਕਿ ਆਪਣੇ ਅੱਖੜ ਰਵੱਈਏ ਕਰਕੇ ਜਾਣੀ ਜਾਂਦੀ ਹੈ, ਨੂੰ ਪੰਜਾਬ ਦੇ ਕਿਸਾਨਾਂ ਨੇ ਜਿਸ ਦ੍ਰਿੜਤਾ ਨਾਲ ਸੰਘਰਸ਼ ਕਰਕੇ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਹੈ, ਇਹ ਆਪਣੇ ਆਪ ਵਿਚ ਇਕਲੌਤੀ ਮਿਸਾਲ ਹੈ।
ਉਹਨਾਂ ਕਿਹਾ ਕਿ ਜਿਵੇਂ ਦੇਸ਼ ਦੀ ਅਜ਼ਾਦੀ ਵੇਲੇ ਪੰਜਾਬੀਆਂ ਨੇ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਸਨ, ਠੀਕ ਉਸੇ ਤਰ੍ਹਾਂ ਇੰਨਾ ਕਾਲੇ ਕਾਨੂੰਨਾਂ ਵਿਰੁੱਧ ਵੀ ਪੰਜਾਬ ਦੇ ਕਿਸਾਨ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਫਿਰ ਦੇਸ਼-ਵਿਦੇਸ਼ ਤੋਂ ਇੰਨਾਂ ਨੂੰ ਡੱਟਵੀਂ ਹਮਾਇਤ ਮਿਲੀ, ਜਿਸ ਨੇ ਇਹ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ। ਉਹਨਾਂ ਕਿਹਾ ਕਿ ਕੇਂਦਰ ਨੇ ਇਸ ਕਿਰਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕਈ ਚਾਲਾਂ ਵੀ ਚੱਲੀਆਂ, ਪਰ ਸੂਝਵਾਨ ਕਿਸਾਨਾਂ ਨੇ ਸਾਂਤੀਪੂਰਵਕ ਰਹਿੰਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਜਿੱਤ ਵੱਲ ਵੱਧਦੇ ਗਏ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਇੰਨਾ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਰਹੀ ਹੈ ਅਤੇ ਸੰਘਰਸ਼ ਦੌਰਾਨ ਵੀ ਅਸੀਂ ਕਿਸਾਨਾਂ ਨਾਲ ਖੜੇ ਰਹੇ ਹਾਂ। ਉਹਨਾਂ ਕਿਹਾ ਕਿ ਇਸ ਸੰਘਰਸ਼ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਤਾਂ ਜੋ ਉਹਨਾਂ ਪਰਵਿਾਰਾਂ ਦੀ ਰੋਟੀ ਚੱਲਦੀ ਰਹੇ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਦੀ ਕੁਰਬਾਨੀ, ਸੋਚ ਅਤੇ ਸੰਘਰਸ਼ ਨੂੰ ਸਿਜਦਾ ਕਰਦਾ ਹੋਇਆ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਸਾਡੇ ਅੰਨਦਾਤੇ ਨੂੰ ਖੁਸ਼ਹਾਲੀ ਬਖਸ਼ੇ।