ਕਿਸਾਨਾਂ ਨੂੰ ਇਕ ਸਾਲ ਅੰਦੋਲਨ ਦੀ ਸਿਖਲਾਈ ਦਿੱਤੀ ਗਈ, ਉਹ ਟ੍ਰੇਨਿੰਗ 'ਚ ਕਾਮਯਾਬ ਹੋਏ- ਰਾਕੇਸ਼ ਟਿਕੈਤ
ਕਿਸਾਨ ਮੋਰਚਾ ਫਤਹਿ ਕਰਨ ਤੋਂ ਬਾਅਦ ਅੱਜ ਕਿਸਾਨ ਆਗੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ।
ਅੰਮ੍ਰਿਤਸਰ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨ ਮੋਰਚਾ ਫਤਹਿ ਕਰਨ ਤੋਂ ਬਾਅਦ ਅੱਜ ਕਿਸਾਨ ਆਗੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਸਿਰ ’ਤੇ ਦਸਤਾਰ ਸਜਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ ਟਿਕੈਤ ਨੇ ਕਿਹਾ ਕਿ ਭਾਵੇਂ ਮੋਰਚਾ ਉੱਠ ਗਿਆ ਪਰ ਸਰਕਾਰ 'ਤੇ ਹਾਲੇ ਵੀ ਦਬਾਅ ਬਰਕਰਾਰ ਰਹੇਗਾ। ਉਹਨਾਂ ਕਿਹਾ ਕਿ ਅੱਜ ਅਸੀਂ ਸੰਘਰਸ਼ ਜਿੱਤ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਾਂ।
ਕਿਸਾਨ ਆਗੂ ਨੇ ਕਿਹਾ ਕਿ ਇਹ ਤਾਂ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਦੀ ਟ੍ਰੇਨਿੰਗ ਹੋਈ ਹੈ ਅਤੇ ਉਹ ਟ੍ਰੇਨਿੰਗ ਵਿਚ ਪਾਸ ਹੋਏ ਹਨ। ਕਿਸਾਨਾਂ ਨੂੰ ਇਕ ਸਾਲ ਅੰਦੋਲਨ ਲਈ ਸਿਖਲਾਈ ਦਿੱਤੀ ਗਈ। ਹਰ ਮੌਸਮ ਦੇ ਹਾਲਾਤਾਂ ਵਿਚ ਇਹ ਸਰੀਰਕ ਸਿਖਲਾਈ ਹੁਣ ਪੂਰੀ ਹੋ ਗਈ ਹੈ। ਟ੍ਰੇਨਿੰਗ 'ਚ ਕਾਮਯਾਬ ਹੋਏ ਲੋਕ ਹੁਣ ਅਗਲੇ 30-40 ਸਾਲ ਕੰਮ ਕਰ ਸਕਦੇ ਹਨ।
ਉਹਨਾਂ ਕਿਹਾ ਨਾ ਅਸੀਂ ਜਿੱਤੇ ਹਾਂ ਅਤੇ ਨਾ ਹੀ ਅਸੀਂ ਹਾਰੇ ਹਾਂ। ਉਹਨਾਂ ਕਿਹਾ ਕਿ ਸਮਝੌਤਿਆਂ ਵਿਚ ਜਿੱਤ-ਹਾਰ ਨਹੀਂ ਹੁੰਦੀ। ਇਹ ਜਿੱਤ-ਹਾਰ ਦਾ ਮਾਮਲਾ ਨਹੀਂ ਹੈ। ਇਸ ਤੋਂ ਇਲਾਵਾ ਕਿਸਾਨ ਆਗੂ ਨੇ ਪੰਜਾਬੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹਨ।