22 ਮਹੀਨੇ ਮਗਰੋਂ ਪਾਕਿਸਤਾਨੀ ਲੜਕਾ ਮੁਬਾਸ਼ਰ ਬਿਲਾਲ ਹੋਇਆ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ਼ਲਤੀ ਨਾਲ ਭਾਰਤੀ ਸਰਹੱਦ 'ਚ ਹੋ ਗਿਆ ਸੀ ਦਾਖ਼ਲ

File Photo

ਮੁਕੇਰੀਆ(ਕੁਲਵਿੰਦਰ ਹੈਪੀ)- ਗ਼ਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਵਿਚ ਆਏ ਪਾਕਿਸਤਾਨੀ ਲੜਕੇ ਮੁਬਾਸ਼ਰ ਬਿਲਾਲ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਬਿਲਾਲ 'ਤੇ ਤਰਨਤਾਰਨ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਜਿਸ ਵਿਚ ਉਸ ਨੂੰ ਨਿਰਦੋਸ਼ ਪਾਇਆ ਗਿਆ ਪਰ ਇਸ ਦੇ ਬਾਵਜੂਦ ਸਰਕਾਰੀ ਤੰਤਰ ਦੀ ਮੱਠੀ ਰਫ਼ਤਾਰ ਕਾਰਨ ਬਿਲਾਲ ਨੂੰ 22 ਮਹੀਨੇ ਤਕ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ

ਪਰ ਜਦੋਂ ਇਹ ਮਾਮਲਾ ਮੀਡੀਆ 'ਤੇ ਵੱਡੇ ਪੱਧਰ 'ਤੇ ਉਠਾਇਆ ਤਾਂ ਹੁਣ ਬਿਲਾਲ ਨੂੰ ਵਾਪਸ ਉਸ ਦੇ ਦੇਸ਼ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਜਦੋਂ ਬਿਲਾਲ ਨੂੰ ਫੜਿਆ ਗਿਆ ਸੀ, ਉਦੋਂ ਉਸ ਦੀ ਉਮਰ 15 ਸਾਲ ਸੀ ਪਰ ਹੁਣ ਉਸ ਦੀ ਉਮਰ 16 ਸਾਲ ਤੋਂ ਜ਼ਿਆਦਾ ਹੋ ਗਈ ਹੈ। ਜਾਣਕਾਰੀ ਅਨੁਸਾਰ ਬਿਲਾਲ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਸ ਨੂੰ 22 ਮਹੀਨੇ ਪਹਿਲਾਂ ਬੀਐਸਐਫ ਨੇ ਤਰਨਤਾਰਨ ਦੇ ਖੇਮਕਰਨ ਸੈਕਟਰ ਤੋਂ ਫੜਿਆ ਸੀ

ਪਰ ਅੱਜ ਉਸ ਨੂੰ ਰਿਹਾਅ ਕਰਕੇ ਉਸ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਬਿਲਾਲ ਨੂੰ ਸਰਹੱਦ 'ਤੇ ਛੱਡਣ ਜਾ ਰਹੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਹੁਕਮ ਅਨੁਸਾਰ ਬਿਲਾਲ ਨੂੰ ਛੱਡਿਆ ਜਾ ਰਿਹ ਹੈ। ਉਨ੍ਹਾਂ ਦੱਸਿਆ ਕਿ ਬਿਲਾਲ ਨੂੰ ਅਟਾਰੀ ਸਰਹੱਦ 'ਤੇ ਬੀਐਸਐਫ ਦੇ ਹਵਾਲੇ ਕੀਤਾ ਜਾਵੇਗਾ ਜੋ ਇਸ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦੇਵੇਗੀ।

ਉਧਰ ਅਪਣੀ ਰਿਹਾਈ ਨੂੰ ਲੈ ਕੇ ਜਿੱਥੇ ਪਾਕਿਸਤਾਨੀ ਲੜਕੇ ਬਿਲਾਲ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਉਥੇ ਹੀ ਉਸ ਨੇ ਦੂਜੇ ਹੋਰ ਪਾਕਿਸਤਾਨੀ ਬੱਚਿਆਂ ਨੂੰ ਵੀ ਰਿਹਾਅ ਕੀਤੇ ਜਾਣ ਦੀ ਅਪੀਲ ਕੀਤੀ। ਦੱਸ ਦਈਏ ਕਿ ਬਿਲਾਲ ਤੋਂ ਇਲਾਵਾ ਭਾਰਤ ਦੀਆਂ ਜੇਲ੍ਹਾਂ ਵਿਚ ਹੋਰ ਵੀ ਕਈ ਪਾਕਿਸਤਾਨੀ ਬੱਚੇ ਕੈਦ ਹਨ, ਜਿਨ੍ਹਾਂ ਨੂੰ ਸਰਹੱਦ ਪਾਰ ਕਰਨ ਦੇ ਦੋਸ਼ਾਂ ਸਮੇਤ ਹੋਰ ਕਈ ਮਾਮਲਿਆਂ ਵਿਚ ਫੜਿਆ ਹੋਇਆ ਹੈ।