ਫ਼ਿਲਮ 'ਛਪਾਕ' ਤੋਂ ਵੀ ਭਿਆਨਕ ਹੈ ਇੰਦਰਜੀਤ ਕੌਰ ਦੀ ਗਾਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜ਼ਾਬ ਹਮਲੇ ਦੁਆਰਾ ਖ਼ੂਬਸੂਰਤ ਲੜਕੀਆਂ ਦੇ ਚਿਹਰਿਆਂ ਨੂੰ ਖ਼ਰਾਬ ਕਰ ਕੇ, ਉਨ੍ਹਾਂ ਦੇ ਰਹਿੰਦੇ ਜੀਵਨ ਨੂੰ ਨਰਕ ਵਿਚ ਤਬਦੀਲ ਕਰਨ ਦਾ ਮਸਲਾ, ਮੁੜ  ਸੁਰਖੀਆਂ ਵਿਚ ਹੈ।

Photo

ਇੰਦਰਜੀਤ ਕੌਰ 'ਤੇ 8 ਦਸੰਬਰ 2011 ਨੂੰ ਹੋਇਆ ਸੀ ਤੇਜ਼ਾਬੀ ਹਮਲਾ

ਰੂਪਨਗਰ (ਸਵਰਨ ਸਿੰਘ ਭੰਗੂ): ਬੀਤੇ ਦਿਨ ਦੀਪੀਕਾ ਪਾਦੂਕੋਨ ਦੀ ਫ਼ਿਲਮ 'ਛਪਾਕ' ਦੇ ਰਿਲੀਜ਼ ਹੋਣ ਤੋਂ ਬਾਅਦ, ਤੇਜ਼ਾਬ ਹਮਲੇ ਦੁਆਰਾ ਖ਼ੂਬਸੂਰਤ ਲੜਕੀਆਂ ਦੇ ਚਿਹਰਿਆਂ ਨੂੰ ਖ਼ਰਾਬ ਕਰ ਕੇ, ਉਨ੍ਹਾਂ ਦੇ ਰਹਿੰਦੇ ਜੀਵਨ ਨੂੰ ਨਰਕ ਵਿਚ ਤਬਦੀਲ ਕਰਨ ਦਾ ਮਸਲਾ, ਮੁੜ  ਸੁਰਖੀਆਂ ਵਿਚ ਹੈ।

ਭਾਵੇਂ ਇਸ ਫ਼ਿਲਮ ਦੀ ਕਹਾਣੀ 'ਲਕਸ਼ਮੀ ਅਗਰਵਾਲ' ਨਾਂ ਦੀ ਉਸ ਲੜਕੀ ਨਾਲ ਸਬੰਧਤ ਹੈ ਜਿਸ ਦੇ ਚਿਹਰੇ 'ਤੇ 15 ਸਾਲ ਦੀ ਉਮਰ ਵਿਚ, ਉਸ ਦੀ ਉਮਰ ਤੋਂ ਦੁਗਣੇ ਨੌਜਵਾਨ ਨੇ ਤੇਜ਼ਾਬ ਸੁੱਟਿਆ ਸੀ। ਇਹ ਫ਼ਿਲਮ ਸੰਵੇਦਨ ਦਰਸ਼ਕਾਂ ਦੀਆਂ ਅੱਖਾਂ ਦੇ ਅੱਥਰੂ ਬਣਦੀ ਹੈ ਅਤੇ ਅਨੇਕਾਂ ਸਵਾਲ ਵੀ ਉਭਾਰਦੀ ਹੈ ਕਿ ਮਨੁੱਖ, ਪਿਆਰ ਨੂੰ ਅਧਿਕਾਰ ਸਮਝਦਾ ਹੋਇਆ ਐਨਾ ਵਹਿਸ਼ੀ ਕਿਉਂ ਹੋ ਜਾਂਦਾ ਹੈ? ਸਾਡੇ ਦੇਸ਼ ਵਿੱਚ ਹੀ ਤੇਜ਼ਾਬੀ ਹਮਲੇ ਤੋਂ ਪੀੜਤ ਹਜ਼ਾਰਾਂ ਔਰਤਾਂ ਹੋ ਸਕਦੀਆਂ ਹਨ।

ਅਜਿਹੀਆਂ ਪੀੜਤਾਂ ਵਿਚ ਜ਼ਿਲ੍ਹਾ ਰੂਪਨਗਰ ਦੇ ਸ਼ਹਿਰ ਮੋਰਿੰਡਾ ਨੇੜਲੇ ਪਿੰਡ ਮੜੌਲੀ ਕਲਾਂ ਦੀ ਇੰਦਰਜੀਤ ਕੌਰ ਸ਼ਾਮਲ ਹੈ ਜੋ ਉਸ ਸਮੇਂ ਸਨਾਤਕ ਡਿਗਰੀ ਦੀ ਆਖ਼ਰੀ ਸਾਲ ਦੀ ਵਿਦਿਆਰਥਣ ਸੀ। ਉਸ 'ਤੇ 8 ਦਸੰਬਰ 2011 ਨੂੰ ਤੇਜ਼ਾਬੀ ਹਮਲਾ ਹੋਇਆ ਸੀ, ਉਪਰੰਤ ਉਸ ਨੇ ਇਲਾਜ ਤਸੀਹਾ ਝੱਲਿਆ। ਵਾਰ-ਵਾਰ ਹੋਏ ਅਪਰੇਸ਼ਨਾਂ ਉਪਰੰਤ ਮਦਰਾਸ ਦੇ ਵਕਾਰੀ ਅੱਖਾਂ ਦੇ ਹਸਪਤਾਲ ਦੇ ਮਾਹਰ ਡਾਕਟਰ, ਆਖ਼ਰ ਇਸ ਸਿੱਟੇ 'ਤੇ ਪਹੁੰਚ ਗਏ ਕਿ ਹੁਣ ਇਹ ਕੁੜੀ ਕਦੇ ਵੀ ਵੇਖ ਨਹੀਂ ਸਕੇਗੀ।

ਸਿਹਤ-ਵਿਗਿਆਨ ਦੀ ਇਸ ਬੇਵਸੀ ਤੋਂ ਅਸੀਂ ਸਹਿਜੇ ਹੀ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇੰਦਰਜੀਤ ਦੇ ਚਿਹਰੇ 'ਤੇ ਸੁੱਟੇ ਗਏ ਤੇਜ਼ਾਬੀ-ਹਮਲੇ ਦੀ ਤੀਬਰਤਾ ਕੀ ਹੋਵੇਗੀ? ਇਸ ਪੀੜਤਾ ਦੇ ਚਿਹਰੇ ਵੱਲ ਤੱਕਣਾ ਵੀ ਔਖਾ ਹੈ। ਉਸ ਦਾ ਨੱਕ ਨਹੀਂ ਰਿਹਾ, ਇਕ ਕੰਨ ਵੀ ਨਹੀਂ ਰਿਹਾ, ਸ਼ੁਕਰ ਇਹ ਹੈ ਕਿ ਬੁੱਲ੍ਹ ਕੁੱਝ ਬਚ ਗਏ ਹਨ ਜਿਨ੍ਹਾਂ ਕਾਰਨ ਉਹ ਹੌਲੀ ਹੌਲੀ ਖਾਣਾ ਖਾ ਸਕਦੀ ਹੈ ਅਤੇ ਬੋਲ ਸਕਦੀ ਹੈ।

ਵਰਨਣਯੋਗ ਹੈ ਕਿ ਉਹ ਗ਼ਰੀਬ ਪਰਵਾਰ ਦੀ ਧੀ ਹੈ। ਇਸ ਘਟਨਾ ਉਪਰੰਤ ਹਮਦਰਦੀ ਰੱਖਦੇ ਕੁੱਝ ਮਿਹਰਬਾਨਾਂ ਵਲੋਂ ਹੀ ਉਸ ਦਾ ਅਦਾਲਤੀ ਕੇਸ ਲੜਿਆ ਗਿਆ ਅਤੇ ਇਲਾਜ ਕਰਵਾਇਆ ਗਿਆ ਹੈ। ਇਸੇ ਦੌਰਾਨ ਉਸ ਨੇ ਅੱਗੇ ਪੜ੍ਹਨ ਦੀ ਮਿਥੀ ਅਤੇ ਦੇਹਰਾਦੂਨ ਦੀ ਇਕ ਸੰਸਥਾ ਤੋਂ, ਨਜ਼ਰ-ਰਹਿਤ ਲੋਕਾਂ ਦੀ ਪੜ੍ਹਨ/ਲਿਖਣ ਵਿਧੀ 'ਬਰੇਲ-ਲਿਪੀ' ਸਿੱਖੀ।

ਦਿੱਲੀ ਦੀ ਇਕ ਕੇਨਰਾ ਬੈਂਕ ਦੀ ਬਰਾਂਚ ਨੇ ਜਦੋਂ ਅੰਨ੍ਹੇ ਉਮੀਦਵਾਰ ਲਈ ਕਲਰਕ ਦੀ ਅਸਾਮੀ ਦਾ ਇਸ਼ਤਿਹਾਰ ਦਿਤਾ ਤਾਂ ਬਿਨੈ ਉਪਰੰਤ ਉਹ, ਪ੍ਰਤੀ ਮਹੀਨਾ 20,000 ਰੁਪਏ ਸੇਵਾ ਫਲ 'ਤੇ ਚੁਣੀ ਗਈ। ਇਹ ਵੀ ਹੈਰਾਨੀਜਨਕ ਹੈ ਕਿ ਉਹ ਕਿਸ ਵਿਧੀ ਦੁਆਰਾ ਕੰਪਿਊਟਰ 'ਤੇ ਕੰਮ ਕਰਦੀ ਹੈ? ਉਸ ਨੂੰ ਅਪਣੇ ਚਿਹਰੇ ਨੂੰ ਹਰ ਸਮੇਂ ਢੱਕ ਕੇ ਰੱਖਣਾ ਪੈਂਦਾ ਹੈ। ਸਹਾਇਕ ਦੇ ਤੌਰ 'ਤੇ ਉਸ ਦੀ ਮਾਤਾ ਹਰ ਸਮੇਂ ਉਸ ਦੇ ਨਾਲ-ਨਾਲ ਰਹਿੰਦੀ ਹੈ।

ਇੰਦਰਜੀਤ ਕੌਰ ਨੇ 'ਸਪੋਕਸਮੈਨ' ਨਾਲ ਗੱਲ ਕਰਦਿਆਂ ਦਸਿਆ ਕਿ 5 ਵਰ੍ਹੇ ਪਹਿਲਾਂ ਡਾਕਟਰਾਂ ਨੇ ਉਸ ਨੂੰ ਦਸਿਆ ਸੀ ਕਿ ਉਸ ਦੇ ਚਿਹਰੇ ਨੂੰ ਦਿੱਖ ਯੋਗ ਬਣਾਉਣ ਲਈ 30 ਤੋਂ ਵੱਧ ਪਲਾਸਟਿਕ ਸਰਜਰੀਆਂ ਦੀ ਲੋੜ ਪਵੇਗੀ ਜਿਸ 'ਤੇ ਅੰਦਾਜ਼ਨ 40 ਲੱਖ ਰੁਪਿਆ ਖ਼ਰਚ ਆ ਸਕਦਾ ਹੈ। ਬਿਨਾਂ ਸ਼ੱਕ ਜੇਕਰ ਖ਼ਰਚ ਵਸੀਲੇ ਵੀ ਜੁਟ ਜਾਂਦੇ ਹਨ ਤਾਂ ਉਸ ਨੂੰ ਲੰਮਾ ਸਮਾਂ ਇਲਾਜ-ਤਸੀਹਾ ਝੱਲਣਾ ਹੋਵੇਗਾ। ਇਸ ਕਾਰਜ ਲਈ ਪੀੜਤ ਦਾ ਪਰਵਾਰ ਤਾਂ ਬਿਲਕੁਲ ਵੀ ਸਮਰੱਥ ਨਹੀਂ।

ਜਦੋਂ ਇਸ ਦਰਦ ਬਾਰੇ ਆੜ੍ਹਤੀ ਐਸੋਸੀਏਸ਼ਨ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ, ਟਰੇਡ ਯੂਨੀਅਨ ਆਗੂ ਨਿਰਮਲ ਸਿੰਘ ਲੌਦੀ ਮਾਜਰਾ, ਆਦਰਸ਼ ਟਰੱਸਟ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ, ਜ਼ਿਲ੍ਹਾ ਰੂਪਨਗਰ ਦੀ ਖ਼ੂਨਦਾਨ-ਲਹਿਰ ਦੇ ਆਗੂ ਕਮਲਜੀਤ ਸਿੰਘ ਬਾਬਾ ਆਦਿ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਸ਼ਵ ਪਧਰੀ ਸੰਸਥਾ ਖ਼ਾਲਸਾ ਏਡ, ਸਰਬੱਤ ਦਾ ਭਲਾ ਟਰੱਸਟ, ਵਰਲਡ ਕੈਂਸਰ ਕੇਅਰ ਸੁਸਾਇਟੀ ਜਿਹੀਆਂ ਸਮਰੱਥ ਸੰਸਥਾਵਾਂ ਇਸ ਕਾਰਜ ਨੂੰ ਅਪਣੇ ਹੱਥ ਲੈ ਸਕਦੀਆਂ ਹਨ।