SGPC ਚੋਣਾਂ ਲਈ ਫਿਰ ਨੰਗਾ ਹੋਇਆ ਬਾਦਲ ਦਾ ਦੋਗਲਾ ਚਿਹਰਾ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਐਚ.ਐਸ. ਫੂਲਕਾ ਵਲੋਂ...

Harpal Singh Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਐਚ.ਐਸ. ਫੂਲਕਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਲੰਬਿਤ ਪਈਆਂ ਆਮ ਚੋਣਾਂ ਤੁਰਤ ਕਰਵਾਉਣ ਸਬੰਧੀ ਲਿਆਂਦੇ ਮਤੇ 'ਤੇ ਅਕਾਲੀ ਦਲ ਬਾਦਲ ਦਾ ਦੋਗਲਾ ਚਿਹਰਾ ਅੱਜ ਫਿਰ ਨੰਗਾ ਹੋ ਗਿਆ।

ਮੀਡੀਆ ਨਾਲ ਗੱਲਬਾਤ ਕਰਦੇ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਫੂਲਕਾ ਵਲੋਂ ਲਿਆਂਦੇ ਗਏ ਮਤੇ ਦੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਈਦ ਕਰ ਦਿਤਾ ਤਾਂ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀਆਂ ਦੇ ਮੂੰਹ ਉਤਰ ਗਏ। ਚੀਮਾ ਨੇ ਕਿਹਾ ਕਿ ਜਦੋਂ ਸਦਨ ਨੇ ਐਸਜੀਪੀਸੀ ਦੀਆਂ ਚੋਣਾਂ ਜਲਦੀ ਕਰਾਉਣ ਦਾ ਮਤਾ ਪਾਸ ਕਰ ਦਿਤਾ ਤਾਂ ਅਕਾਲੀ ਵਿਧਾਇਕ ਨਾ ਵਿਰੋਧ ਕਰ ਸਕੇ ਅਤੇ ਨਾ ਹੀ ਇਨ੍ਹਾਂ ਨੇ ਸਮਰਥਨ ਕੀਤਾ।

ਚੀਮਾ ਨੇ ਕਿਹਾ ਕਿ ਅਕਾਲੀਆਂ ਦੀ ਭੈਭੀਤ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ (ਚੀਮਾ) ਖੜੇ ਹੋ ਕੇ ਸਪੀਕਰ ਰਾਹੀਂ ਅਕਾਲੀ ਵਿਧਾਇਕਾਂ ਦੇ ਨਾਮ ਲੈ ਲੈ ਕੇ ਪੁੱਛਿਆ ਕਿ ਕੀ ਉਹ ਮਤੇ ਦਾ ਵਿਰੋਧ ਕਰਦੇ ਹਨ ਜਾਂ ਸਮਰਥਨ ਕਰਦੇ ਹਨ, ਸਦਨ 'ਚ ਸਥਿਤੀ ਸਪਸ਼ਟ ਕਰਨ। ਚੀਮਾ ਨੇ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਸਥਿਤੀ ਸਪਸ਼ਟ ਕਰਨ ਦੀ ਥਾਂ 'ਆਪ' ਅਤੇ ਫੂਲਕਾ 'ਤੇ ਹੀ ਕਾਂਗਰਸ ਨਾਲ ਮਿਲੇ ਹੋਣ ਦੇ ਬੇਬੁਨਿਆਦ ਦੋਸ਼ ਲਗਾਉਣੇ ਸ਼ੁਰੂ ਕਰ ਦਿਤੇ।

ਜਦਕਿ ਐਚ.ਐਸ. ਫੂਲਕਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ 'ਚ ਮਿਲੇ ਪੱਤਰ ਨੂੰ ਬੀਤੇ ਕੱਲ੍ਹ 13 ਫਰਵਰੀ ਨੂੰ ਸਦਨ ਦੇ ਟੇਬਲ 'ਤੇ ਰੱਖ ਦਿਤਾ ਸੀ। ਜਿਸ ਦੇ ਆਧਾਰ 'ਤੇ ਅੱਜ ਮਤਾ ਪੇਸ਼ ਕੀਤਾ ਗਿਆ। ਚੀਮਾ ਨੇ ਕਿਹਾ ਕਿ ਬਾਦਲਾਂ ਦੇ ਦੋਗਲੇ ਚਿਹਰੇ ਦੀ ਹੱਦ ਉਦੋਂ ਹੋ ਗਈ ਜਦੋਂ ਐਸਜੀਪੀਸੀ ਦੀਆਂ ਚੋਣਾਂ 'ਤੇ ਸਦਨ 'ਚ ਮਤੇ ਸਮੇਂ ਚੁੱਪ ਰਹੇ। ਮਜੀਠੀਆ ਅਤੇ ਬਾਕੀ ਅਕਾਲੀ ਵਿਧਾਇਕ ਬਾਹਰ ਮੀਡੀਆ ਸਾਹਮਣੇ ਐਸਜੀਪੀਸੀ ਚੋਣਾਂ ਦਾ ਢੀਠਤਾਈ ਨਾਲ ਸਮਰਥਨ ਕਰਦੇ ਨਜ਼ਰ ਆਏ।