ਸਿੱਧੂ ਦੀ ਵਧਦੀ ਲੋਕਪ੍ਰਿਅਤਾ ਤੋਂ ਵਿਰੋਧੀਆਂ 'ਚ ਘਬਰਾਹਟ : ਹੋਣ ਲੱਗੇ ਹੋਰ ਵੱਡੇ ਖੁਲਾਸੇ!

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਵੀ ਖੋਲ੍ਹੇ ਕਈ ਗੁੱਝੇ ਭੇਤ

file photo

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਧਮਾਕੇਦਾਰ ਵਾਪਸੀ ਨੇ ਸਿਆਸੀ ਗਲਿਆਰਿਆਂ ਅੰਦਰ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਰੱਖਿਆ ਹੈ। ਇਸੇ ਦੌਰਾਨ ਕਈਆਂ ਦਾ ਸਿਤਾਰਾ ਚਮਕਣ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਜਦਕਿ ਕਈਆਂ ਦੇ ਸਿਤਾਰੇ ਗਰਦਸ਼ 'ਚ ਜਾਣ ਦੀਆਂ ਭਵਿੱਖਬਾਣੀਆਂ ਵੀ ਹੋ ਰਹੀਆਂ ਹਨ।

ਭਾਜਪਾ ਜੋ ਕੁੱਝ ਦਿਨ ਪਹਿਲਾਂ ਅਕਾਲੀ ਦਲ ਨੂੰ ਅਣਗੌਲਿਆ ਕਰਦਿਆਂ ਦਿੱਲੀ ਚੋਣਾਂ 'ਚ ਜੇਤੂ ਅੰਦਾਜ਼ 'ਚ ਕੁੱਦੀ ਸੀ, ਚੋਣ ਨਤੀਜਿਆਂ ਤੋਂ ਬਾਅਦ ਹੁਣ ਉਹ ਮੂੰਹ ਲਕੌਦੀ ਫਿਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇਣ ਬਾਅਦ ਹਾਸ਼ੀਏ 'ਤੇ ਗਏ ਨਵਜੋਤ ਸਿੰਘ ਸਿੱਧੂ ਦੇ ਮੁੜ ਸਰਗਰਮ ਹੋਣ ਦੀਆਂ ਕਨਸ਼ੋਆਂ ਦਾ ਬਾਜ਼ਾਰ ਗਰਮ ਹੈ।

ਸਿਆਸੀ ਘਟਨਾਵਾਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ 'ਸਿਆਸੀ ਚੁਪੀ' ਹੇਠ ਚੱਲ ਰਹੇ ਨਵਜੋਤ ਸਿੰਘ ਸਿੱਧੂ ਬਿਨਾਂ ਮੂੰਹ ਖੋਲ੍ਹੇ ਹੀ ਸਿਆਸੀ ਮਹਿਫ਼ਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਕਾਂਗਰਸ ਹਾਈ ਕਮਾਂਡ ਵਲੋਂ ਸਿੱਧੂ ਨੂੰ ਪਾਰਟੀ ਅੰਦਰ ਟਿਕਾਈ ਰੱਖਣ ਲਈ ਆਉਣ ਵਾਲੇ ਦਿਨਾਂ 'ਚ ਵੱਡਾ ਸਿਆਸੀ ਫ਼ੈਸਲਾ ਲੈਣ ਸਬੰਧੀ ਵੀ ਖ਼ਬਰਾਂ ਉਡ ਰਹੀਆਂ ਹਨ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ, ਬੈਂਸ ਭਰਾਵਾਂ ਅਤੇ ਟਕਸਾਲੀਆਂ ਸਮੇਤ ਹੋਰ ਧਿਰਾਂ ਵਲੋਂ ਵੀ ਸਿੱਧੂ ਨੂੰ ਅਪਣੇ ਖੇਮੇ ਅੰਦਰ ਲਿਆਉਣ ਦੇ ਜੋੜ-ਤੋੜ ਲਾਉਣ ਦੀਆਂ ਕਨਸੋਆਂ ਹਨ। ਜਿੱਥੇ ਉਨ੍ਹਾਂ ਨੂੰ ਅਪਣੇ ਹੱਕ 'ਚ ਤੋਰਨ ਲਈ ਸਿਆਸੀ ਧਿਰਾਂ ਵਲੋਂ ਜੋੜ-ਤੋੜ ਜਾਰੀ ਹੈ, ਉਥੇ ਹੀ ਉਨ੍ਹਾਂ ਦੀ ਵੱਧ ਰਹੀ ਲੋਕਪ੍ਰਿਅਤਾ ਨੇ ਹੁਣ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਉਨ੍ਹਾਂ ਖਿਲਾਫ਼ ਮੂੰਹ ਖੋਲ੍ਹਣ ਲਈ ਮਜ਼ਬੂਰ ਕਰ ਦਿਤਾ ਹੈ।

ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਵਲੋਂ ਸਿੱਧੂ ਬਾਰੇ ਕੀਤੇ ਤਾਜ਼ਾ ਇਕਸਾਫ਼ਾਂ ਨੂੰ ਵੀ ਇਸੇ ਦਸ਼ਾ ਵੱਲ ਪੁਟਿਆ ਕਦਮ ਮੰਨਿਆ ਜਾ ਰਿਹਾ ਹੈ। ਨਵਜੋਤ ਸਿੱਧੂ 'ਤੇ ਸਿਆਸੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਨੇ ਭਾਜਪਾ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਣ ਦੀ ਲਾਲਸਾ ਪੂਰੀ ਨਾ ਹੋਣ ਕਾਰਨ ਛੱਡਿਆ ਸੀ। ਉਨ੍ਹਾਂ ਕਿਹਾ ਕਿ ਅਪਣੀ ਇਸੇ ਲਾਲਸਾ ਤਹਿਤ ਹੀ ਉਨ੍ਹਾਂ ਦਾ ਝੁਕਾਅ  ਪਹਿਲਾਂ ਆਮ ਆਦਮੀ ਪਾਰਟੀ ਵੱਲ ਹੋਇਆ।

ਜਦੋਂ ਉਨ੍ਹਾਂ ਦੀ ਉਥੇ ਵੀ ਦਾਲ ਨਾ ਗਲੀ ਤਾਂ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਭਾਵੇਂ ਸਿੱਧੂ ਨੇ ਅਪਣੀ ਮਨਸ਼ਾ ਤੋਂ ਭਾਜਪਾ ਹਾਈ ਕਮਾਨ ਕੋਲ ਜ਼ਾਹਰ ਨਹੀਂ ਸੀ ਕੀਤਾ, ਪਰ ਉਨ੍ਹਾਂ ਦਾ ਅਸਲ ਮਕਸਦ ਇਹੀ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸਿਆਸਤ ਵਿਚ ਲਿਆਉਣ ਵਾਲੇ ਭਾਜਪਾ ਆਗੂ ਅਰੁਣ ਜੇਤਲੀ ਸਨ, ਪਰ ਸਿੱਧੂ ਨੇ ਉਨ੍ਹਾਂ ਦਾ ਵੀ ਉਸ ਸਮੇਂ ਸਾਥ ਛੱਡਿਆ ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ।

ਉਨ੍ਹਾਂ ਕਿਹਾ ਕਿ ਹਰ ਆਗੂ ਨੂੰ ਪਾਰਟੀ ਦੀਆਂ ਨੀਤੀਆਂ ਮੁਤਾਬਕ ਚੱਲਣਾ ਪੈਂਦਾ ਹੈ ਪਰ ਨਵਜੋਤ ਸਿੰਘ ਸਿੱਧੂ ਅਜਿਹਾ ਨਹੀਂ ਕਰਦੇ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਅੰਦਰ ਰਹਿਣ ਦੀ ਸੂਰਤ ਵਿਚ ਸਿੱਧੂ ਦੀ ਗੱਲ ਮੰਨਣ ਦੀ ਵਧੇਰੇ ਸੰਭਾਵਨਾ ਸੀ ਪਰ ਉਹ ਅਜਿਹਾ ਕਰਨ 'ਚ ਨਾਕਾਮ ਰਹੇ ਹਨ।