ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀਆਂ ਨਾਲ ਸਿਆਸੀ ਮਸਲਿਆਂ 'ਤੇ ਗੱਲਬਾਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਜ਼ੀਰੀਆਂ ਦੀ ਥਾਂ ਮੈਨੂੰ ਪੰਜਾਬ ਦੇ ਹਿਤ ਪਿਆਰੇ : ਸਿੱਧੂ

Navjot singh sidhu

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਅੰਮ੍ਰਿਤਸਰ ਪੁੱਜਣ 'ਤੇ ਦੂਸਰੇ ਦਿਨ ਅਪਣੇ ਹਮਾਇਤੀਆਂ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਵਜ਼ੀਰੀਆਂ ਦੀ ਥਾਂ ਸੂਬੇ ਦੇ ਹਿੱਤ ਪਿਆਰੇ ਹਨ। ਮੌਕਾ ਪ੍ਰਸਤ ਸਿਆਸਤ ਦੀ ਉਮਰ ਛੋਟੀ ਹੁੰਦੀ ਹੈ। ਪੰਜਾਬ ਦੇ ਮਸਲਿਆਂ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਸਬੰਧੀ ਮੇਰੀ ਆਵਾਜ਼ ਪੰਜਾਬ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਗੂੰਜਦੀ ਰਹੇਗੀ। 

ਦਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਨਜ਼ਰਾਂ ਅਜੇ ਵੀ ਕਾਂਗਰਸ ਹਾਈ ਕਮਾਂਡ 'ਤੇ ਟਿੱਕੀਆਂ ਹਨ ਕਿ ਉਹ ਮੇਰੇ ਸਿਆਸੀ ਭਵਿੱਖ ਨੂੰ ਉੱਜਵਲ ਕਰੇਗੀ। ਅੱਜ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰੱਲ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ, ਕੌਂਸਲਰ ਦਮਨਦੀਪ ਸਿੰਘ, ਕੌਸਲਰ ਨਵਦੀਪ ਸਿੰਘ ਹੁੰਦਲ, ਕੌਂਸਲਰ ਰਾਕੇਸ਼ ਮਦਾਨ, ਕੌਂਸਲਰ ਮੋਤੀ ਭਾਟੀਆ, ਕੌਂਸਲਰ ਅਜੀਤ ਸਿੰਘ ਭਾਟੀਆ, ਗੁਰਕੀਰਤ ਸਿੰਘ ਸਰਪੰਚ ਮੂਧਲ, ਸਰਪੰਚ ਮੁੱਖਾ ਸਿੰਘ ਅਤੇ ਬਾਹਰੋਂ ਆਏ ਹੋਰ ਹਮਾਇਤੀਆਂ ਨਾਲ ਗੱਲਬਾਤ ਕਰਦਿਆਂ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਿਹਾ ਕਿ ਉਹ ਅਪਣੀ ਕੋਠੀ 'ਚ ਬੈਠ ਕੇ ਰੋਜ਼ਾਨਾ ਦਰਬਾਰ ਲਾਇਆ ਕਰਨਗੇ ਅਤੇ ਰਾਹਤ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।

ਮਾਸਟਰ ਹਰਪਾਲ ਸਿੰਘ ਵੇਰਕਾ ਮੁਤਾਬਕ ਸਿੱਧੂ ਦਾ ਕਹਿਣਾ ਹੈ ਕਿ ਉਹ ਅਸੂਲਾਂ ਦੀ ਸਿਆਸਤ ਕਰਦੇ ਹਨ, ਰੱਬ ਅੱਗੇ ਝੁਕਦਾ ਹਾਂ, ਇੰਨਸਾਨ ਅੱਗੇ ਨਹੀਂ। ਭਾਜਪਾ 'ਚ ਰਹਿੰਦਿਆਂ ਹਾਈ ਕਮਾਂਡ ਨੂੰ ਜ਼ੋਰ ਦਿਤਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ੀਪ ਤੋਂ ਖਹਿੜਾ ਛੁਡਵਾਉਣ ਜੋ ਸਿਰੇ ਦੀ ਭਰਿਸ਼ਟ ਹੋ ਚੁੱਕੀ ਹੈ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਪੰਜਾਬ ਦੇ ਲੋਕ ਦੁਖੀ ਹਨ

ਖਾਸ ਕਰ ਕੇ ਨੌਜੁਆਨਾਂ ਨੂੰ ਬਰਬਾਦ ਕਰ ਦਿਤਾ ਗਿਆ ਹੈ ਪਰ ਜਦ ਭਾਰਤੀ ਜਨਤਾ ਪਾਰਟੀ 'ਚ ਸੁਣਵਾਈ ਨਾ ਹੋਈ ਤਾਂ ਮੈਂ ਰਾਜ ਸਭਾ ਦੀ ਮੈਂਬਰੀ ਛੱਡ ਦਿਤੀ। ਹੋਰ ਮਿਲੇ ਵੇਰਵਿਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਸੰਕੇਤ ਦਿਤਾ ਹੈ ਕਿ ਉਹ ਪਾਰਟੀ ਵਿਚ ਰਹਿ ਕੇ ਲੋਕਾਂ ਨਾਲ ਸੰਪਰਕ ਵਧਾਉਣਗੇ ਅਤੇ ਕਿਸੇ ਵੀ ਕੀਮਤ 'ਤੇ ਕਾਂਗਰਸ ਨੂੰ ਨਹੀਂ ਛੱਡਣਗੇ, ਜਿਸ ਤਰ੍ਹਾਂ ਦੀਆਂ ਸਰਗੋਸ਼ੀਆਂ ਬੀਤੇ ਸਮੇਂ ਵਿਚ ਨਸ਼ਰ ਹੋ ਰਹੀਆਂ ਸਨ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ