ਮਜੀਠੀਆ ਪਰਵਾਰ ਪੰਥ ਦਾ ਗੱਦਾਰ : ਨਵਜੋਤ ਸਿੰਘ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਕਾਂਗਰਸੀ ਆਗੂਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ...

Navjot Singh Sidhu

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਕਾਂਗਰਸੀ ਆਗੂਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਪਰਵਾਰ ਦੀਆਂ ਰੱਜ ਕੇ ਪੋਲਾਂ ਖੋਲ੍ਹੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਜ਼ਿਲ੍ਹਿਆ ਵਾਲਾ ਬਾਗ ਦੀ ਜਦੋਂ ਘਟਨਾ ਵਾਪਰੀ ਤਾਂ ਇਸ ਤੋਂ ਬਾਦ ਜਨਰਲ ਡਾਇਰ ਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਨੂੰ ਸਨਮਾਨਿਤ ਕੀਤਾ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਸੁੰਦਰ ਸਿੰਘ ਮਜੀਠੀਆ ਨੇ ਜਨਰਲ ਡਾਇਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਆਨਰੇਰੀ ਸਿੱਖ ਦਾ ਖਿਤਾਬ ਦਿਤਾ ਸੀ। ਉਨ੍ਹਾਂ ਇਤਿਹਾਸਕਾਰਾਂ ਵਲੋਂ ਛਾਪੀਆਂ ਵੱਖ-ਵੱਖ ਕਿਤਾਬਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਵਲੋਂ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਵਿਰੁਧ ਵੱਖ-ਵੱਖ ਕਾਰਵਾਈਆਂ ਕੀਤੀਆਂ ਗਈਆਂ ਅਤੇ ਕਈ ਜ਼ੁਲਮ ਢਾਹੇ ਗਏ।

ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਸੁੰਦਰ ਸਿੰਘ ਮਜੀਠੀਆ ਚਾਹੁੰਦੇ ਤਾਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ। ਆਗੂਆਂ ਨੇ ਕਿਹਾ ਕਿ 13 ਅਪ੍ਰੈਲ 1919 ਨੂੰ ਵਾਪਰੇ ਜ਼ਿਲ੍ਹਿਆਂ ਵਾਲੇ ਕਾਂਡ ਲਈ ਜੇਕਰ ਬਰਤਾਨੀਆ ਸਰਕਾਰ ਨੂੰ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ, ਇਸ ਸਬੰਧੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਅਪਣੇ ਵੱਡਿਆਂ ਦੀ ਗਲਤੀ ਲਈ ਮਾਫ਼ੀ ਮੰਗਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਜੇਕਰ ਬਿਕਰਮਜੀਤ ਮਜੀਠੀਆ ਨੇ ਮਾਫ਼ੀ ਨਾ ਮੰਗੀ ਤਾਂ ਸਦਨ ਵਿਚ ਬੋਲਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਇਸ ਸਬੰਧੀ ਪਾਰਲੀਮੈਂਟ ਵਿਚ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।