ਪਟਿਆਲਾ ਪੁਲਿਸ ਨੇ ਫੜੀ 92.50 ਲੱਖ ਦੀ ਨਕਦੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਭਾਰੀ ਮਾਤਰਾ 'ਚ ਪੈਸੇ ਲੱਗੇ ਇਧਰ-ਉਧਰ ਹੋਣ

Patiala Police seized Rs 92.50 lakh cash

ਪਟਿਆਲਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅਰੰਭੇ ਯਤਨਾਂ ਤਹਿਤ ਬੀਤੀ ਰਾਤ 9.30 ਵਜੇ ਪਟਿਆਲਾ ਪੁਲਿਸ ਨੇ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਨ 'ਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਸਾਂਝੇ ਤੌਰ 'ਤੇ ਕੀਤੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿਤੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਇਹ ਸ਼ੱਕੀ ਨਕਦੀ ਜ਼ਬਤ ਕਰ ਕੇ ਆਮਦਨ ਕਰ ਟੀਮ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕਰ ਦਿਤਾ ਹੈ।

ਐਸ.ਐਸ.ਪੀ. ਨੇ ਦਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੂੰ 92.50 ਲੱਖ ਰੁਪਏ ਬਰਾਮਦ ਕਰਨ ਦੀ ਇਹ ਵੱਡੀ ਕਾਮਯਾਬੀ ਉਸ ਸਮੇਂ ਮਿਲੀ। ਜਦੋਂ ਡੀ.ਐਸ.ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਏ.ਐਸ.ਆਈ. ਹਰਿੰਦਰਪਾਲ ਸਿੰਘ ਦੀ ਪੁਲਿਸ ਟੀਮ ਨੇ ਨੈਸ਼ਨਲ ਹਾਈਵੇ ਨਰਵਾਣਾ ਰੋਡ ਨੇੜੇ ਬੈਰੀਅਰ ਪਿੰਡ ਢਾਬੀ ਗੁੱਜਰਾਂ ਵਿਖੇ ਅੰਤਰਰਾਜੀ ਨਾਕਾਬੰਦੀ ਕੀਤੀ ਹੋਈ ਸੀ। ਬੀਤੀ ਰਾਤ ਕਰੀਬ 9.30 ਵਜੇ ਇਕ ਕਾਲੇ ਰੰਗ ਦੀ ਹੁੰਡਈ ਕਰੇਟਾ ਕਾਰ ਨਰਵਾਣਾ ਵਾਲੇ ਪਾਸੇ ਤੋਂ ਆਈ। ਇਸ ਕਾਰ ਨੂੰ ਰੋਕ ਕੇ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੀਆਂ ਦੋਵੇਂ ਅਗਲੀਆਂ ਸੀਟਾਂ ਦੇ ਥੱਲਿਉਂ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ।

ਉਨ੍ਹਾਂ ਦਸਿਆ ਕਿ ਪੁਲਿਸ ਨੇ ਜਦੋਂ, ਕਾਰ ਚਾਲਕ ਰਵੀ (ਕਰੀਬ 23 ਸਾਲ) ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਸ਼ੇਰਗੜ੍ਹ ਅਤੇ ਨਾਲ ਵਾਲੇ ਵਿਅਕਤੀ ਸਚਿਨ (ਕਰੀਬ 20 ਸਾਲ) ਪੁੱਤਰ ਪਵਨ ਕੁਮਾਰ ਵਾਸੀ ਖਨੌਰੀ, ਤੋਂ ਇਸ ਨਕਦੀ ਬਾਬਤ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿਤਾ, ਇਸ 'ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕਰ ਦਿਤਾ ਗਿਆ ਅਤੇ ਨਗ਼ਦੀ ਜ਼ਬਤ ਕਰ ਲਈ ਗਈ ਅਤੇ ਇਸ ਬਾਰੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।