ਪਟਿਆਲਾ 'ਚੋਂ ਮਿਲੇ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਪਰ ਤਿੰਨੋਂ ਹੀ ਨੈਗੇਟਿਵ 

ਏਜੰਸੀ

ਖ਼ਬਰਾਂ, ਪੰਜਾਬ

ਸੈਂਪਲਾਂ ਨੂੰ ਦਿੱਲੀ ਅਤੇ ਪੂਣਾ ਭੇਜਿਆ ਗਿਆ ਸੀ। ਤਿੰਨਾਂ ਦੇ ਟੈਸਟ ਨੈਗੇਟਿਵ ਆਏ ਹਨ।

File Photo

ਚੰਡੀਗੜ੍ਹ- ਪਟਿਆਲਾ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 3 ਸ਼ੱਕੀ ਮਰੀਜ਼ ਪਾਏ ਗਏ ਹਨ ਪਰ ਤਿੰਨੋਂ ਹੀ ਮਰੀਜ਼ ਨੈਗੇਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਭਰਤੀ ਹੋਏ ਸਨ। ਇਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਰੱਖਿਆਂ ਗਿਆ ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ।

ਸੈਂਪਲਾਂ ਨੂੰ ਦਿੱਲੀ ਅਤੇ ਪੂਣਾ ਭੇਜਿਆ ਗਿਆ ਸੀ। ਤਿੰਨਾਂ ਦੇ ਟੈਸਟ ਨੈਗੇਟਿਵ ਆਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਵਿਅਕਤੀ ਦੁਬਈ, ਇਕ ਕਤਰ ਅਤੇ ਤੀਜਾ ਸਾਊਥ ਕੋਰੀਆ ਤੋਂ ਆਇਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਸਮੁੱਚੀ ਸਥਿਤੀ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ। ਸਮੁੱਚੀਆਂ ਏਅਰਪੋਰਟਸ 'ਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਚੈਕਿੰਗ ਤੋਂ ਬਾਅਦ ਹੀ ਦੇਸ਼ ਵਿਚ ਐਂਟਰੀ ਦਿੱਤੀ ਜਾ ਰਹੀ ਹੈ।

ਪਟਿਆਲਾ ਵਿਚ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ 'ਤੇ ਨਜ਼ਰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਕੋਰੋਨਾ ਨਾਲ ਨਿਪਟਣ ਦੀਆਂ ਸਮੁੱਚੀਆਂ ਤਿਆਰੀਆਂ ਕੀਤੀਆਂ ਹੋਈਆ ਹਨ। ਵਿਭਾਗ ਵੱਲੋਂ ਪਿੰਡ ਆਲੋਵਾਲ ਅਤੇ ਤ੍ਰਿਪੜੀ ਵਿਖੇ ਇਸ ਸਬੰਧੀ ਮੌਕ ਡਰਿੱਲ ਵੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਮਾਸਕ ਦੀ ਕਮੀ ਹੈ ਨਾ ਹੀ ਕਿਸੇ ਦੁਕਾਨਦਾਰ ਵੱਲੋਂ ਸੈਨੀਟਾਈਜ਼ਰ ਮਹਿੰਗੇ ਭਾਅ 'ਤੇ ਵੇਚੇ ਜਾ ਰਹੇ ਹਨ।

ਡਾ. ਮਲਹੋਤਰਾ ਨੇ ਕਿਹਾ ਕਿ ਕੋਰੋਨਾ ਨਾਲ ਨਿਪਟਣ ਲਈ ਸਭ ਤੋਂ ਵੱਡਾ ਹਥਿਆਰ ਸਾਵਧਾਨੀ ਹੈ। ਲੋਕ ਜੇਕਰ ਸਾਵਧਾਨ ਰਹਿਣ, ਆਪਣਾ ਆਲਾ-ਦੁਆਲਾ ਸਾਫ਼ ਰੱਖਣ, ਹੱਥ ਵਾਰ-ਵਾਰ ਧੋਣ, ਸਰਦੀ ਜ਼ੁਕਾਮ ਅਤੇ ਬੁਖਾਰ ਵਾਲੇ ਵਿਅਕਤੀਆਂ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਤਾਂ ਕੋਰੋਨਾ ਵਾਇਰਸ ਨਾਲ ਵੱਡੇ ਪੱਧਰ 'ਤੇ ਨਿਪਟਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਅਜੇ ਤੱਕ ਕੋਈ ਮਰੀਜ਼ ਪਾਜ਼ੀਟਿਵ ਨਹੀਂ ਪਾਇਆ ਗਿਆ। ਨਾ ਹੀ ਕੋਈ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਅਜਿਹੇ ਵਿਚ ਸਾਨੂੰ ਚਾਹੀਦਾ ਹੈ ਕਿ ਅਸੀਂ ਹੋਰ ਵੀ ਸੁਚੇਤ ਰਹੀਏ। ਡਾ. ਮਲਹੋਤਰਾ ਨੇ ਦੱਸਿਆ ਕਿ ਇਸ ਸਬੰਧੀ ਸਮੁੱਚੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਉਥੇ ਹਰ ਤਰ੍ਹਾਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ।