7 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ ’ਚ ਮੁੜ ਵਧੇ ਕੋਰੋਨਾ ਦੇ ਮਾਮਲੇ, 300 ਤੋਂ ਵਧੇਰੇ ਕੇਸ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਕੁਲ 1856 ਲੋਕਾਂ ਨੇ ਲੁਆਇਆ ਕੋਰੋਨਾ ਟੀਕਾ

Corona virus

ਜਲੰਧਰ : ਪੰਜਾਬ ਅੰਦਰ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਕਈ ਜ਼ਿਲ੍ਹਿਆਂ ਅੰਦਰ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਇਸੇ ਦੌਰਾਨ ਦੁਆਬਾ ਦੇ ਕਈ ਜ਼ਿਲ੍ਹਿਆਂ ਵਿਚ ਕੋਰੋਨਾ ਕੇਸਾਂ ਵਿਚ ਵਾਧਾ ਦਰਜ ਕੀਤੇ ਜਾਣ ਬਾਅਦ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਜਲੰਧਰ ਜ਼ਿਲ੍ਹੇ ਵਿਚ ਪਿਛਲੇ 7 ਮਹੀਨਿਆਂ ਤੋਂ ਬਾਅਦ ਇਕ ਵਾਰ ਫਿਰ ਕਰੋਨਾ ਦੇ ਇਕਸਾਰ 315 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ।

ਖ਼ਬਰਾਂ ਮੁਤਾਬਕ ਸਿਹਤ ਮਹਿਕਮੇ ਨੂੰ ਐਤਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 315 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਸਿਹਤ ਮਹਿਕਮਾ ਨੂੰ ਐਤਵਾਰ 1006 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 191 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3465 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਸੇ ਦੌਰਾਨ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਕੁਲ 1856 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ 1856 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ਵਿਚ 1028 ਸੀਨੀਅਰ ਨਾਗਰਿਕ, 153 ਹੈਲਥ ਕੇਅਰ ਵਰਕਰਜ਼, 402 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਉਮਰ ਦੇ 273 ਉਹ ਲੋਕ ਸਨ, ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀ ਕੋਈ ਹੋਰ ਬੀਮਾਰੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 362 ਲੋਕਾਂ ਨੇ ਦੂਜੀ ਡੋਜ਼ ਲੁਆਈ ਹੈ। ਜ਼ਿਲ੍ਹੇ ਅੰਦਰ ਕੁਲ ਸੈਂਪਲ-673567 ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿਚੋਂ 622948 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਜਦਕਿ 23535 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਅੰਦਰ 21436 ਵਿਅਕਤੀ ਡਿਸਚਾਰਜ ਹੋਏ, 761 ਦੀ ਮੌਤ ਹੋਈ ਅਤੇ 1338 ਐਕਟਿਵ ਕੇਸ ਹਨ।